ਫ਼ਰੀਦਕੋਟ, 23 ਅਕਤੂਬਰ (ਸਰਬਜੀਤ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਬ੍ਰਾਂਚ ਸ਼ਹਿਰੀ ਦੀ ਕਾਨਫ਼ਰੰਸ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ 'ਚ ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਅਤੇ ਕਾਮਰੇਡ ਗੁਰਨਾਮ ਸਿੰਘ ਸਰਪੰਚ ਨੇ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ 'ਚ ਹੋਏ ਕੌਮੀ ਮਹਾਂ-ਸੰਮੇਲਨ ਦੀ ਅਪਾਰ ਸਫਲਤਾ ਤੋਂ ਉਤਸ਼ਾਹਿਤ ਹੁੰਦੇ ਹੋਏ ਹੋਰ ਵੀ ਤਕੜੇ ਮਨੋ-ਬਲ ਨਾਲ ਮਿਹਨਤਕਸ਼ ਅਵਾਮ ਦੇ ਸਭ ਵਰਗਾਂ ਦੇ ਹੱਕੀ ਸੰਘਰਸ਼ਾਂ ਵਿਚ ਵਧ ਚੜ੍ਹ ਕੇ ਭਾਗ ਲਵੇਗੀ | ਬ੍ਰਾਂਚ ਸਕੱਤਰ ਨੇ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਭ ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਮਨਜ਼ੂਰ ਕਰ ਲਿਆ | ਇਸ ਤੋਂ ਬਾਅਦ ਬਿਜਲੀ ਮੁਲਾਜ਼ਮ ਆਗੂ ਇੰਦਰਜੀਤ ਸਿੰਘ ਗਿੱਲ ਅਤੇ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਬੀਬੀ ਸ਼ਸ਼ੀ ਸ਼ਰਮਾ ਵਲੋਂ ਨਵੇਂ ਅਹੁਦੇਦਾਰਾਂ ਲਈ ਤਜਵੀਜ ਪੇਸ਼ ਕੀਤੀ ਗਈ ਜਿਸ ਨੂੰ ਹਾਊਸ ਨੇ ਹੱਥ ਖੜੇ ਕਰਕੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ | ਇਸ ਅਨੁਸਾਰ ਕਾਮਰੇਡ ਹਰਪਾਲ ਸਿੰਘ ਮਚਾਕੀ ਨੂੰ ਸਕੱਤਰ, ਸੁਖਚੈਨ ਸਿੰਘ ਥਾਂਦੇਵਾਲਾ ਨੂੰ ਮੀਤ ਸਕੱਤਰ ਅਤੇ ਬਲਵਿੰਦਰ ਕੁਮਾਰ ਨੂੰ ਬ੍ਰਾਂਚ ਦਾ ਖਜ਼ਾਨਚੀ ਚੁਣਿਆ ਗਿਆ | ਫ਼ਰੀਦਕੋਟ ਤਹਿਸੀਲ ਦੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਵਾਲੀ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ | ਇਸ ਮੌਕੇ ਕਾਮਰੇਡ ਸ਼ਾਮ ਸੁੰਦਰ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪ੍ਰਦੀਪ ਬਰਾੜ, ਹਰਬੰਸ ਸਿੰਘ ਔਲਖ, ਤਰਸੇਮ ਭਾਣਾ, ਬੀਬੀ ਪਰਮਜੀਤ ਕੌਰ ਕੰਮੇਆਣਾ, ਮਨਪ੍ਰੀਤ ਕੌਰ ਤੋਂ ਇਲਾਵਾ ਪੀਆਰਟੀਸੀ ਦੇ ਪੈਨਸ਼ਨਰ ਆਗੂ ਸੁਖਦੇਵ ਸਿੰਘ ਮੱਲੀ ਅਤੇ ਲਾਭ ਸਿੰਘ ਸੈਕਟਰੀ ਵੀ ਹਾਜ਼ਰ ਸਨ |