ਸਾਦਿਕ, 6 ਨਵੰਬਰ (ਆਰ.ਐਸ.ਧੁੰਨਾ)-ਨੇੜਲੇ ਪਿੰਡ ਡੋਡ ਦੇ ਮਿਸਤਰੀ ਸਿੰਘ ਵਲੋਂ ਏਯੂ ਸਮਾਲ ਬੈਂਕ ਬ੍ਰਾਂਚ ਫ਼ਿਰੋਜ਼ਪਰ ਤੋਂ ਕਰਜ਼ਾ ਲਿਆ ਸੀ, ਦੀਆਂ ਕੁਝ ਕਿਸ਼ਤਾਂ ਉਸ ਨੇ ਸਮੇਂ ਸਿਰ ਭਰੀਆਂ ਸਨ ਪਰ ਅਚਾਨਕ ਵਰਕਸ਼ਾਪ ਦਾ ਕੰਮ ਘੱਟ ਗਿਆ ਜਿਸ ਕਰਕੇ ਉਸ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ | ਬੈਂਕ ਨੇ ਕਰਜ਼ਾ ਧਾਰਕ ਦੀਆਂ ਕਿਸ਼ਤਾਂ ਟੁੱਟਣ ਕਾਰਨ ਉਸ ਨੂੰ ਵਾਧੂ ਜ਼ੁਰਮਾਨਾ ਪਾ ਕੇ ਰਕਮ ਬਹੁਤ ਜ਼ਿਆਦਾ ਬਣਾ ਦਿੱਤੀ ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਸੀ ਪਰ ਬੈਂਕ ਨੇ ਉਸ ਦੀ ਦੁਕਾਨ ਸੀਲ ਕਰਨ ਦੇ ਆਰਡਰ ਕਰਵਾ ਲਏ ਤੇ ਬੈਂਕ ਵਲੋਂ ਪਹਿਲਾਂ ਵੀ ਇਸ ਦਕੁਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਸਮੇਂ ਵੀ ਜਥੇਬੰਦੀ ਵਲੋਂ ਬੈਂਕ ਅਧਿਕਾਰੀਆਂ ਨੂੰ ਬੇਰੰਗ ਮੋੜਿਆ ਗਿਆ ਸੀ ਤੇ ਬੈਂਕ ਨਾਲ ਇਸ ਮਸਲੇ 'ਤੇ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਗੱਲ ਸਿਰੇ ਨਾ ਲੱਗ ਸਕੀ | ਅੱਜ ਫਿਰ ਦੁਬਾਰਾ ਬੈਂਕ ਵਲੋਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਬਲ 'ਤੇ ਦੁਕਾਨ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਦੇ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ | ਜਥੇਬੰਦੀ ਦੇ ਵਿਰੋਧ ਕਰਨ ਤੇ ਬੈਂਕ ਅਧਿਕਾਰੀਆਂ ਵਲੋਂ ਥਾਣਾ ਮੁਖੀ ਸਾਦਿਕ ਦੀ ਜ਼ਿੰਮੇਵਾਰੀ ਤੇ ਕਿਸਾਨ ਆਗੂਆਂ ਨਾਲ ਬੈਠ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਘੱਟ ਤੋਂ ਘੱਟ ਪੈਸਿਆਂ 'ਚ ਸੈਟਲਮੈਂਟ ਕਰਵਾਉਣ ਦਾ ਵਾਅਦਾ ਕੀਤਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਕਾਰਜਕਾਰੀ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਨੇ ਪਿੰਡ ਵਾਸੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਬੈਂਕ ਨੂੰ ਚਿਤਾਵਨੀ ਦਿੱਤੀ ਕਿ ਇਹ ਦੁਕਾਨ ਬੈਂਕ ਨੂੰ ਸੀਲ ਨਹੀਂ ਕਰਨ ਦਿੱਤੀ ਜਾਵੇਗੀ ਤੇ ਉਹ ਮਿਲ ਬੈਠ ਕੇ ਮਸਲਾ ਹੱਲ ਕਰਨ ਲਈ ਤਿਆਰ ਹਨ | ਇਸ ਮੌਕੇ ਬਲਵਿੰਦਰ ਸਿੰਘ ਡੋਡ, ਹਰਭਜਨ ਸਿੰਘ, ਡਾ. ਭੁਪਿੰਦਰ ਸਿੰਘ ਕਿੰਗਰਾ, ਜਸਕਰਨ ਸਿੰਘ ਰਾਜਾ, ਜਗਸੀਰ ਸਿੰਘ ਖਾਲਸਾ, ਸੁਨੀਲ ਕੁਮਾਰ, ਹਿੰਮਤ ਸਿੰਘ ਝੋਟੀਵਾਲਾ, ਕਾਰਜ ਸਿੰਘ ਜਨੇਰੀਆ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਆਦਿ ਹਾਜ਼ਰ ਸਨ |