ਫ਼ਰੀਦਕੋਟ, 6 ਨਵੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਵਲੋਂ ਹੜ ਪੀੜਤ ਕਿਸਾਨਾਂ ਦੀ ਫ਼ਸਲ ਦੀ ਬਿਜਾਈ ਲਈ ਟਰੈਕਟਰਾਂ ਦੇ ਕਾਫ਼ਲੇ ਨੂੰ ਪਿੰਡ ਟਹਿਣਾ ਤੋਂ ਰਵਾਨਾ ਕੀਤਾ ਗਿਆ | ਇਹ ਕਾਫ਼ਲਾ ਸ੍ਰੀ ਅੰਮਿ੍ਤਸਰ ਸਾਹਿਬ ਕੈਂਪ ਵਿਚ ਜਾਵੇਗਾ | ਇਸ ਕਾਫ਼ਲੇ ਵਿਚ ਫ਼ਰੀਦਕੋਟ ਜ਼ਿਲ੍ਹੇ ਵਲੋਂ 14 ਟਰੈਕਟਰ, 700 ਏਕੜ ਲਈ ਬੀਜ, 700 ਏਕੜ ਲਈ ਡੀਏਪੀ ਤੇ ਤੇਲ ਦਾ ਪ੍ਰਬੰਧ ਤੋਂ ਇਲਾਵਾ ਖੇਤ ਬੀਜਣ ਵਾਲੇ ਸੰਦ ਜਿਵੇਂ ਸੁਪਰ ਸੀਡਰ ਆਦਿ ਰਵਾਨਾ ਕੀਤੇ ਗਏ | ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਪੰਜਾਬ 'ਚ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਇਲਾਵਾ ਗੁਰਦਾਸਪੁਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਵਿਚ ਵੀ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰ ਅÏਖੇ ਸਮੇਂ ਕਿਸਾਨਾਂ ਦੇ ਨਾਲ ਮੋਢਾ ਲਗਾ ਕੇ ਖੜਦੀ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫ਼ੜ੍ਹਦੀ ਤਾਂ ਅੱਜ ਸਾਨੂੰ ਨਾ ਜਾਣਾ ਪੈਂਦਾ | ਉਨ੍ਰਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਤਾਂ ਨਿਗੂਣੇ ਕਿਸਾਨਾਂ ਨੂੰ ਮਿਲਿਆ ਉਹ ਵੀ 5 ਏਕੜ ਜਾਂ 5 ਏਕੜ ਤੋਂ ਘੱਟ ਵਾਲਿਆਂ ਨੂੰ | ਉਨ੍ਹਾਂ ਕਿਹਾ ਕਿ ਸਰਕਾਰਾਂ ਦਾਅਵੇ ਕੁਝ ਕਰਦੀਆਂ ਪਰ ਮਦਦ ਨਹੀਂ | ਕਿਸਾਨਾਂ ਨੇ ਕਿਹਾ ਕਿ ਜੋ ਅੱਜ ਕਿਸਾਨਾਂ ਦਾ ਕਾਫ਼ਲਾ ਜਾ ਰਿਹਾ, ਇਹ 700 ਏਕੜ ਕਣਕ ਦੀ ਫ਼ਸਲ ਬੀਜ ਕੇ ਹੀ ਵਾਪਸ ਆਵੇਗਾ | ਉਨ੍ਹਾਂ ਕਿਹਾ ਕਿ ਅੱਗੇ ਵੀ ਜੋ ਜਥੇਬੰਦੀ ਹੁਕਮ ਲਗਾਵੇਗੀ, ਕਿਸਾਨ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ |