ਫ਼ਰੀਦਕੋਟ, 6 ਨਵੰਬਰ (ਜਸਵੰਤ ਸਿੰਘ ਪੁਰਬਾ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਵਲੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਿੱਥੇ ਡਰੱਗ ਹੋਟ ਸਪਾਟ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜ਼ਿਲ੍ਹੇ ਦੇ ਅੰਦਰ ਦੁਕਾਨਾਂ ਅੰਦਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਵਿਕਰੀ ਉੱਪਰ ਮੁਕੰਮਲ ਤੌਰ 'ਤੇ ਪਾਬੰਧੀ ਲਗਾਈ ਜਾ ਸਕੇ | ਇਸੇ ਲੜੀ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਹੇਠ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਿਲਕੇ ਮੈਡੀਕਲ ਸਟੋਰਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਕਾਰਵਾਈ ਦੌਰਾਨ ਨਿਊ ਕਾਂਸਲ ਮੈਡੀਕਲ ਹਾਲ ਜੈਤੋ 'ਚੋਂ ਪਾਬੰਧੀਸ਼ੁਦਾ 995 ਕੈਪਸੂਲ ਬਰਾਮਦ ਕੀਤੇ ਗਏ ਹਨ | ਮੁੱਖ ਅਫ਼ਸਰ ਥਾਣਾ ਜੈਤੋ ਇੰਸਪੈਕਟਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਹਰਜਿੰਦਰ ਸਿੰਘ ਡਰੱਗ ਇੰਸਪੈਕਟਰ ਨਾਲ ਮੈਡੀਕਲ ਸਟੋਰ ਚੈੱਕ ਕੀਤੇ ਗਏ ਸਨ | ਚੈਕਿੰਗ ਦੌਰਾਨ ਨਿਊ ਕਾਂਸਲ ਮੈਡੀਕਲ ਹਾਲ ਜੈਤੋ ਵਿਚੋਂ 995 ਦੇ ਕਰੀਬ ਪਾਬੰਧੀਸ਼ੂਦਾ ਕੈਪਸੂਲ ਮਿਲੇ ਹਨ, ਜਿਸ ਕਾਰਨ ਡਰੱਗ ਇੰਸਪੈਕਟਰ ਵਲੋਂ ਜਬਤ ਕਰਕੇ ਮੈਡੀਕਲ ਸਟੋਰ ਨੂੰ ਸੀਲ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ |