ਮਲੇਰਕੋਟਲਾ (ਸੰਗਰੂਰ), 15 ਜੂਨ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਨੀਟ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਮਲੇਰਕੋਟਲਾ ਦੇ ਪਿੰਡ ਦਲੇਲਗੜ੍ਹ ਦੇ ਵਸਨੀਕ ਮੁਹੰਮਦ ਸਮੀਰ ਨੇ ਪੰਜਾਬ 'ਚੋਂ ਤੀਜਾ ਤੇ ਦੇਸ਼ ਭਰ 'ਚੋਂ 720 'ਚੋਂ 662 ਭਾਵ 99.997 ਫ਼ੀਸਦੀ ਅੰਕ ਪ੍ਰਾਪਤ ਕਰਕੇ 33ਵਾਂ ਰੈਂਕ ਹਾਸਿਲ ਕੀਤਾ ਹੈ | ਮੁਹੰਮਦ ਸਮੀਰ ਦੀ ਇਸ ਪ੍ਰਾਪਤੀ 'ਤੇ ਪਿੰਡ ਦਲੇਲਗੜ੍ਹ ਅਤੇ ਇਲਾਕੇ ਭਰ 'ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਮੁਹੰਮਦ ਸਮੀਰ ਦੇ ਪਿਤਾ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਪਿੰਡ ਦਲੇਲਗੜ੍ਹ ਵਿਖੇ ਹੀ ਮੈਡੀਕਲ ਸਟੋਰ ਚਲਾ ਰਹੇ ਹਨ | ਮੁਹੰਮਦ ਸਮੀਰ ਨੇ ਦਿੱਲੀ ਪਬਲਿਕ ਸਕੂਲ ਭਸੌੜ, ਧੂਰੀ ਤੋਂ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ ਅਤੇ ਨੀਟ ਯੂ.ਜੀ. ਦੀ ਕੋਚਿੰਗ ਪਟਿਆਲਾ ਤੋਂ ਹਾਸਿਲ ਕੀਤੀ | ਉਸ ਨੇ ਕਿਹਾ ਕਿ ਮੇਰਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਮੈਂ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਾਂ | ਮੁਹੰਮਦ ਸਮੀਰ ਦੇ ਪਿਤਾ ਮੁਹੰਮਦ ਸਾਬਰ ਅਤੇ ਮਾਤਾ ਸੀਮਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਸ਼ੁਰੂ ਤੋਂ ਹੀ ਡਾਕਟਰ ਬਣਨ ਲਈ ਦਿਲ ਵਿਚ ਠਾਣਿਆ ਹੋਇਆ ਸੀ ਅਤੇ ਅਸੀਂ ਬੇਟੇ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਪੂਰਨ ਸਹਿਯੋਗ ਦਿੱਤਾ |
ਨੀਟ ਪ੍ਰੀਖਿਆ 'ਚ ਮਲੇਰਕੋਟਲਾ ਦੇ ਸਮੀਰ ਨੇ ਪੰਜਾਬ 'ਚੋਂ ਤੀਜਾ ਤੇ ਦੇਸ਼ ਭਰ 'ਚੋਂ 33ਵਾਂ ਰੈਂਕ ਕੀਤਾ ਹਾਸਿਲ <br/>
ਅਜੀਤ ਡੈਸਕ
16-06-2025