ਆਬਕਾਰੀ ਵਿਭਾਗ ਨੂੰ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਨਰਮੀ ਨਾ ਵਰਤਣ ਦੀ ਹਦਾਇਤ
<br/>
ਜਲੰਧਰ, 15 ਜੂਨ (ਸ਼ਿਵ ਸ਼ਰਮਾ)- ਮਜੀਠਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਕਈ ਲੋਕਾਂ ਦੀ ਮੌਤ ਦਾ ਮਾਮਲਾ ਕਾਫ਼ੀ ਚਰਚਾ ਵਿਚ ਰਿਹਾ ਸੀ ਤਾਂ ਬਾਅਦ ਵਿਚ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਹੁਣ ਕਾਫ਼ੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਜਿੱਥੇ ਸ਼ਰਾਬ ਨੀਤੀ ਵਿਚ ਪਹਿਲਾਂ ਹੀ ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਅਦਾਰਿਆਂ ਵਿਚ ਹੁੰਦੇ ਸਮਾਗਮਾਂ ਵਿਚ ਜਿਹੜੀਆਂ ਸ਼ਰਾਬ, ਬੀਅਰ ਦੀਆਂ ਖ਼ਾਲੀ ਬੋਤਲਾਂ ਹੁੰਦੀਆਂ ਹਨ, ਉਨ੍ਹਾਂ ਸਾਰੀਆਂ ਨੂੰ ਤੋੜਨ ਨੂੰ ਯਕੀਨੀ ਬਣਾਉਣ ਲਈ ਸਖ਼ਤੀ ਨਾਲ ਕਿਹਾ ਗਿਆ ਹੈ | ਚਾਹੇ ਸ਼ਰਾਬ ਨੀਤੀ ਵਿਚ ਪਹਿਲਾਂ ਹੀ ਇਨ੍ਹਾਂ ਅਦਾਰਿਆਂ ਵਿਚ ਹੁੰਦੇ ਪ੍ਰੋਗਰਾਮਾਂ ਦੀਆਂ ਖ਼ਾਲੀ ਬੋਤਲਾਂ ਨੂੰ ਤੋੜਨ ਦਾ ਨਿਯਮ ਸ਼ਾਮਿਲ ਕੀਤਾ ਗਿਆ ਸੀ ਪਰ ਮਜੀਠਾ ਮਾਮਲੇ ਤੋਂ ਬਾਅਦ ਹੁਣ 'ਆਪ' ਸਰਕਾਰ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਆਬਕਾਰੀ ਵਿਭਾਗ ਨੂੰ ਹਦਾਇਤ ਦੇ ਦਿੱਤੀ ਹੈ ਤੇ ਇਸ ਬਾਰੇ ਰੋਜ਼ਾਨਾ ਹੀ ਆਬਕਾਰੀ ਇੰਸਪੈਕਟਰਾਂ ਤੋਂ ਰਿਪੋਰਟਾਂ ਲਈਆਂ ਜਾ ਰਹੀਆਂ ਹਨ | ਨਿਯਮ ਮੁਤਾਬਿਕ ਇਨ੍ਹਾਂ ਅਦਾਰਿਆਂ ਵਿਚ ਜਦੋਂ ਸ਼ਰਾਬ ਦੀਆਂ ਬੋਤਲਾਂ ਖ਼ਾਲੀ ਹੁੰਦੀਆਂ ਸੀ ਤਾਂ ਪਹਿਲਾਂ ਇਨ੍ਹਾਂ ਬੋਤਲਾਂ ਨੂੰ ਕਬਾੜੀਏ ਲੈ ਜਾਂਦੇ ਸੀ ਤੇ ਇਹ ਬੋਤਲਾਂ ਉਨ੍ਹਾਂ ਲੋਕਾਂ ਦੇ ਹੱਥ ਵੀ ਆ ਜਾਂਦੀਆਂ ਸੀ ਜਿਹੜੇ ਕਿ ਜਾਂ ਦਰਿਆ ਕੰਢੇ ਬਿਨਾਂ ਡਿਗਰੀ ਵਾਲੀ ਸ਼ਰਾਬ ਵੇਚਦੇ ਸਨ ਜਾਂ ਫਿਰ ਇਨ੍ਹਾਂ ਖ਼ਾਲੀ ਬੋਤਲਾਂ ਵਿਚ ਨਾਜਾਇਜ਼ ਸ਼ਰਾਬ ਦੁਬਾਰਾ ਭਰ ਦਿੱਤੀ ਜਾਂਦੀ ਸੀ, ਜਿਸ ਕਾਰਨ ਅਜਿਹੇ ਲੋਕਾਂ ਦੇ ਹੱਥ ਖਾਲੀ ਬੋਤਲਾਂ ਜਾਣ ਤੋਂ ਰੋਕਣ ਲਈ ਹੁਣ ਖ਼ਾਲੀ ਹੁੰਦੀਆਂ ਬੋਤਲਾਂ ਨੂੰ ਤੁੜਵਾਇਆ ਜਾਂਦਾ ਹੈ ਤਾਂ ਇਹ ਬੋਤਲਾਂ ਕਿਸੇ ਵੀ ਕੀਮਤ 'ਤੇ ਬਾਹਰ ਨਾ ਵੇਚੀਆਂ ਜਾਣ | ਆਬਕਾਰੀ ਵਿਭਾਗ ਦੀ ਇਸ ਸਖ਼ਤੀ ਨਾਲ ਫ਼ਾਇਦਾ ਵੀ ਹੋਇਆ ਹੈ | ਜਿਨ੍ਹਾਂ ਥਾਵਾਂ 'ਤੇ ਵਿਆਹ ਜਾਂ ਹੋਰ ਸਮਾਗਮ ਹੁੰਦੇ ਹਨ ਤਾਂ ਖ਼ਾਲੀ ਬੋਤਲਾਂ ਨੂੰ ਇਕ ਸਟੋਰ ਵਿਚ ਰੱਖਿਆ ਜਾਂਦਾ ਹੈ ਜਿੱਥੇ ਕਿ ਇਨ੍ਹਾਂ ਖ਼ਾਲੀ ਬੋਤਲਾਂ ਦਾ ਰਜਿਸਟਰ ਵਿਚ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਮੌਕੇ 'ਤੇ ਆਬਕਾਰੀ ਇੰਸਪੈਕਟ ਜਾ ਕੇ ਖ਼ਾਲੀ ਬੋਤਲਾਂ ਨੂੰ ਆਪਣੇ ਸਾਹਮਣੇ ਤੁੜਵਾਉਂਦੇ ਹਨ | ਆਬਕਾਰੀ ਵਿਭਾਗ ਵਲੋਂ ਬਾਕਾਇਦਾ ਅਫ਼ਸਰਾਂ ਨੂੰ ਚਿੱਠੀਆਂ ਕੱਢੀਆਂ ਗਈਆਂ ਹਨ ਕਿ ਕਿਸੇ ਵੀ ਤਰ੍ਹਾਂ ਨਾਲ ਨਾਜਾਇਜ਼ ਸ਼ਰਾਬ ਦਾ ਕੰਮ ਰੋਕਣ ਲਈ ਸਖ਼ਤੀ ਕੀਤੀ ਜਾਵੇ ਤੇ ਦਰਿਆਵਾਂ ਕੋਲ ਨਿਕਲਦੀ ਬਿਨਾਂ ਡਿਗਰੀ ਵਾਲੀ ਸ਼ਰਾਬ ਦੀ ਵਿੱਕਰੀ ਵੀ ਰੋਕੀ ਜਾਵੇ ਜਿਸ ਕਰਕੇ ਹੁਣ ਆਬਕਾਰੀ ਵਿਭਾਗ ਦੀਆਂ ਟੀਮਾਂ ਲਗਾਤਾਰ ਮੌਕੇ 'ਤੇ ਜਾ ਕੇ ਕਾਰਵਾਈ ਕਰ ਰਹੀਆਂ ਹਨ | ਉੱਧਰ ਆਬਕਾਰੀ ਵਿਭਾਗ ਨੇ ਦੇਸੀ ਸ਼ਰਾਬ ਤੋਂ ਇਲਾਵਾ ਹੋਰ ਅੰਗਰੇਜ਼ੀ ਸਸਤੀ ਸ਼ਰਾਬ ਦੀਆਂ ਕੀਮਤਾਂ 'ਤੇ ਕੰਟਰੋਲ ਕਰਨ ਲਈ ਨਜ਼ਰਾਂ ਰੱਖਣ ਲਈ ਕਿਹਾ ਹੈ ਤਾਂ ਜੋ ਸ਼ਰਾਬ ਦੀ ਕੀਮਤਾਂ ਵਿਚ ਕਿਸੇ ਤਰ੍ਹਾਂ ਨਾਲ ਵਾਧਾ ਨਾ ਕੀਤਾ ਜਾ ਸਕੇ | ਜੇਕਰ ਮਜੀਠਾ ਜਾਂ ਇਸ ਤੋਂ ਪਹਿਲਾਂ ਲੋਕ ਦਰਿਆਵਾਂ ਕੰਢੇ ਜਾਂ ਹੋਰ ਨਾਜਾਇਜ਼ ਤੌਰ 'ਤੇ ਬਣਦੀ ਬਿਨਾਂ ਡਿਗਰੀ ਵਾਲੀ ਸ਼ਰਾਬ ਪੀ ਕੇ ਆਪਣੀ ਜਾਨ ਗੁਆ ਚੁੱਕੇ ਹਨ ਤਾਂ ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਦੇਸੀ ਸ਼ਰਾਬ ਲਗਾਤਾਰ ਮਹਿੰਗੀ ਹੋ ਰਹੀ ਹੈ | ਇਸ ਕਰਕੇ ਸਰਕਾਰ ਵਲੋਂ ਵੀ 50 ਡਿਗਰੀ ਵਾਲੀ ਸ਼ਰਾਬ 280 ਰੁਪਏ ਤੇ 65 ਡਿਗਰੀ ਵਾਲੀ ਸ਼ਰਾਬ 340 ਰੁਪਏ ਤੋਂ ਜ਼ਿਆਦਾ ਕਿਸੇ ਵੀ ਹਾਲਤ ਵਿਚ ਨਾ ਵੇਚਣ ਦੀ ਹਦਾਇਤ ਦਿੱਤੀ ਹੈ | ਦੱਸਿਆ ਜਾਂਦਾ ਹੈ ਕਿ ਕਈ ਜ਼ਿਲਿ੍ਹਆਂ ਵਿਚ ਸ਼ਰਾਬ ਮਹਿੰਗੀ ਵਿਕ ਰਹੀ ਹੈ ਤੇ ਉਨ੍ਹਾਂ ਇਲਾਕਿਆਂ ਵਿਚ ਚਾਹੇ ਮਾਲੀਏ ਵਿਚ ਵਾਧਾ ਕੀਤਾ ਗਿਆ ਹੈ ਪਰ ਆਬਾਦੀ ਘੱਟ ਹੋਣ ਕਰਕੇ ਜ਼ਿਲਿ੍ਹਆਂ ਵਿਚ ਸ਼ਰਾਬ ਦੀ ਵਿੱਕਰੀ ਨਹੀਂ ਵਧ ਸਕੀ ਹੈ | ਸੂਤਰਾਂ ਮੁਤਾਬਿਕ ਜਲੰਧਰ ਵਿਚ ਤਾਂ ਸ਼ਰਾਬ ਦੀਆਂ ਕੀਮਤਾਂ ਜ਼ਿਆਦਾ ਨਹੀਂ ਹਨ ਪਰ ਗੁਰਦਾਸਪੁਰ, ਪਠਾਨਕੋਟ ਅਤੇ ਅੰਮਿ੍ਤਸਰ ਵਿਚ ਸ਼ਰਾਬ ਕੁੱਝ ਮਹਿੰਗੀ ਹੈ ਤੇ ਇਸ ਦਾ ਇਕ ਕਾਰਨ ਵੀ ਹੈ ਕਿ ਇਸ ਵਾਰ ਜ਼ਿਆਦਾ ਵਾਧਾ ਕੀਤਾ ਗਿਆ ਹੈ | ਚੇਤੇ ਰਹੇ ਕਿ ਸਰਕਾਰ ਨੂੰ ਇਸ ਸਾਲ ਸ਼ਰਾਬ ਦੇ ਕਾਰੋਬਾਰ ਤੋਂ ਕਰੀਬ 12 ਹਜ਼ਾਰ ਕਰੋੜ ਦਾ ਮਾਲੀਆ ਪ੍ਰਾਪਤ ਹੋਣ ਵਾਲਾ ਹੈ |