ਪੰਚਕੂਲਾ, 15 ਜੂਨ (ਕਪਿਲ)-ਕੇਂਦਰੀ ਜਾਂਚ ਏਜੰਸੀ ਪਰਿਵਰਤਨ ਹੈਡਕੁਆਰਟਰ (ਈ. ਡੀ.) ਨੇ ਚੰਡੀਗੜ੍ਹ ਵਿਚ ਵੱਡੀ ਕਾਰਵਾਈ ਕਰਦੇ ਹੋਏ ਹਵਾਲਾ ਰਾਸ਼ੀ ਦੇ ਇਕ ਮਾਮਲੇ 'ਚ ਦੋ ਲੋਕਾਂ ਨੂੰ ਗਿ੍ਫਤਾਰ ਕੀਤਾ ਹੈ | ਜੇ. ਜੇ. ਪੀ. ਦੇ ਸਾਬਕਾ ਵਿਧਾਇਕ ਰਾਮ ਨਿਵਾਸ ਸੁਰਜਾਖੇੜਾ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ | ਕੁੱਝ ਦਿਨ ਪਹਿਲਾਂ ਈ.ਡੀ. ਵਲੋਂ ਸੁਰਜਾਖੇੜਾ ਅਤੇ ਐਚ. ਐਸ. ਵੀ. ਪੀ. ਦੇ ਸਾਬਕਾ ਅਧਿਕਾਰੀ ਸੁਨੀਲ ਕੁਮਾਰ ਬੰਸਲ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਰਾਮ ਨਿਵਾਸ ਸਾਲ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਐਚ.ਐਸ.ਵੀ.ਪੀ. ਜੋ ਪਹਿਲਾਂ ਹੁੱਡਾ ਦੇ ਨਾਂਅ ਤੋਂ ਜਾਣਿਆ ਜਾਂਦਾ ਸੀ, ਨਾਲ ਜੁੜਿਆ ਹੋਇਆ ਹੈ | ਈ. ਡੀ. ਅਨੁਸਾਰ ਇਹ 70 ਕਰੋੜ ਰੁਪਏ ਤੋਂ ਵੱਧ ਦੀ ਹਵਾਲਾ ਰਾਸ਼ੀ ਦਾ ਮਾਮਲਾ ਹੈ | ਇਸ ਮਾਮਲੇ ਦੀ ਸ਼ੁਰੂਆਤ ਪੰਚਕੂਲਾ ਦੇ ਸੈਕਟਰ 7 ਥਾਣੇ ਵਿਚ ਦਰਜ ਇਕ ਐਫ. ਆਈ. ਆਰ. ਵਿਚ ਤੋਂ ਹੋਈ ਸੀ | ਮਾਮਲੇ ਵਿਚ ਐਚ.ਐਸ.ਵੀ.ਪੀ. ਦੇ ਸਾਬਕਾ ਡੀ. ਡੀ. ਓ. ਅਧਿਕਾਰੀ ਸਮੇਤ ਕਈ ਹੋਰ ਲੋਕਾਂ ਦੇ ਨਾਂਅ ਸਾਹਮਣੇ ਆ ਚੁੱਕੇ ਹਨ |