ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ 'ਅਜੀਤ' ਦੇ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦਾ ਅੱਜ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ | ਉਨ੍ਹਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ | ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਢਿੱਲੋਂ (57) ਆਪਣੀ ਪਤਨੀ ਅਮਨਪ੍ਰੀਤ ਕੌਰ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਚੁਪਹਿਰਾ ਸਮਾਗਮ ਵਿਚ ਸ਼ਾਮਿਲ ਹੋ ਕੇ ਵਾਪਸ ਐਕਟਿਵਾ ਸਕੂਟਰੀ 'ਤੇ ਆਪਣੇ ਪਿੰਡ ਭਾਗਸਰ ਜਾ ਰਹੇ ਸਨ | ਇਸ ਦੌਰਾਨ ਜਦੋਂ ਉਹ ਸ਼ਹਿਰ ਵਿਚੋਂ ਭਾਗਸਰ ਰੋਡ ਨੂੰ ਨਿਕਲੇ ਤਾਂ ਰਸਤੇ ਵਿਚ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੁਖਪਾਲ ਸਿੰਘ ਢਿੱਲੋਂ ਦੇ ਸਿਰ ਵਿਚ ਜ਼ਿਆਦਾ ਸੱਟਾਂ ਹੋਣ ਕਾਰਨ ਮੌਤ ਹੋ ਗਈ ਅਤੇ ਪਤਨੀ ਅਮਨਪ੍ਰੀਤ ਕੌਰ ਜ਼ਖ਼ਮੀ ਹੋ ਗਈ | ਉਹ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ | ਮਿ੍ਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਸਪੁੱਤਰੀਆਂ ਨਵਦੀਪ ਕੌਰ, ਕਿਰਨਦੀਪ ਕੌਰ ਅਤੇ ਪੁੱਤਰ ਨਵਕਰਨ ਸਿੰਘ ਨੂੰ ਛੱਡ ਗਏ | ਇਸ ਦੁਖਦਾਈ ਘਟਨਾ 'ਤੇ ਪੱਤਰਕਾਰ ਭਾਈਚਾਰੇ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਸੁਖਪਾਲ ਸਿੰਘ ਢਿੱਲੋਂ ਦਾ 16 ਜੂਨ ਸੋਮਵਾਰ ਨੂੰ ਪੋਸਟਮਾਰਟਮ ਉਪਰੰਤ ਪਿੰਡ ਭਾਗਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਿਮ ਸੰਸਕਾਰ ਹੋਵੇਗਾ | ਜਾਣਕਾਰੀ ਅਨੁਸਾਰ ਦੋਵੇਂ ਮੋਟਰਸਾਈਕਲ ਸਵਾਰ ਵੀ ਜ਼ਖ਼ਮੀ ਹਨ |
ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦੀ ਸੜਕ ਹਾਦਸੇ 'ਚ ਮੌਤ, ਪਤਨੀ ਜ਼ਖ਼ਮੀ <br/>
ਅਜੀਤ ਡੈਸਕ
16-06-2025