ਬਣਾਂਵਾਲਾ ਤਾਪਘਰ ਤੋਂ ਬਾਅਦ ਲਹਿਰਾ ਮੁਹੱਬਤ ਦਾ ਇਕ, ਗੋਇੰਦਵਾਲ ਦੇ ਦੋ ਯੂਨਿਟ ਹੋਏ ਬੰਦ
<br/>
ਰਾਮਪੁਰਾ ਫੂਲ (ਬਠਿੰਡਾ), 15 ਜੂਨ (ਨਰਪਿੰਦਰ ਸਿੰਘ ਧਾਲੀਵਾਲ)- ਗਰਮੀ ਦੇ ਕਹਿਰ ਦਾ ਸੰਤਾਪ ਭੋਗ ਰਹੇ ਪੰਜਾਬ ਦੇ ਲੋਕਾਂ ਲਈ ਹੁਣ ਬਿਜਲੀ ਸੰਕਟ ਦਾ ਖ਼ਦਸ਼ਾ ਖੜ੍ਹਾ ਹੋਣ ਲੱਗਿਆ ਹੈ | ਬਣਾਂਵਾਲਾ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਹੋਣ ਤੋਂ ਬਾਅਦ ਲੰਘੀ ਰਾਤ ਬਸਤਾ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪ ਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦਾ ਯੂਨਿਟ ਨੰਬਰ-2 ਬੰਦ ਹੋ ਗਿਆ, ਜਦੋਂ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਖ਼ਰੀਦੇ ਗਏ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਦੋਨੋਂ ਯੂਨਿਟ ਠੱਪ ਹੋ ਗਏ ਹਨ | ਪੰਜਾਬ ਵਿਚ ਇਸ ਵੇਲੇ ਸਰਕਾਰੀ ਤਾਪਘਰਾਂ 'ਚੋਂ 1268 ਅਤੇ ਪ੍ਰਾਈਵੇਟ ਤਾਪਘਰਾਂ ਤੋਂ 2614 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਪੰਜਾਬ ਵਿਚਲੇ ਥਰਮਲ ਪਲਾਟਾਂ ਦੇ 15 ਯੂਨਿਟਾਂ ਵਿਚੋਂ ਚਾਰ ਯੂਨਿਟਾਂ ਦੇ ਬੰਦ ਹੋਣ ਨਾਲ ਸੂਬੇ ਦੀ ਬਿਜਲੀ ਪੈਦਾਵਾਰ ਨੂੰ ਵੱਡੀ ਸੱਟ ਲੱਗੀ ਹੈ | ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚੀਫ਼ ਇੰਜੀਨੀਅਰ ਤੇਜ਼ ਰਾਮ ਦਾ ਕਹਿਣਾ ਹੈ ਕਿ ਯੂਨਿਟ ਨੰਬਰ-2 ਦੇ ਬੋਇਆਲਰ ਦੀ ਟਿਊਬ 'ਚ ਲੀਕਜ਼ ਆ ਜਾਣ ਕਾਰਨ ਯੂਨਿਟ ਬੀਤੀ ਰਾਤ 11:15 ਵਜੇ ਬੰਦ ਹੋ ਗਿਆ, ਜਿਸ ਦੀ ਮੁਰੰਮਤ ਜਾਰੀ ਹੈ ਅਤੇ ਯੂਨਿਟ ਦੇ ਸੋਮਵਾਰ ਰਾਤ ਨੂੰ ਹੀ ਚੱਲਣ ਦੀ ਸੰਭਾਵਨਾ ਹੈ | ਉਧਰ 920 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਦੇ ਯੂਨਿਟ ਨੰ: 1 ਤੋਂ 188, ਯੂਨਿਟ ਨੰ: 3 ਵਲੋਂ 231 ਅਤੇ ਯੂਨਿਟ ਨੰਬਰ-4 ਤੋਂ 231, ਕੁੱਲ 650 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਖ਼ਰੀਦੇ ਗਏ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਦੋਨੋਂ ਯੂਨਿਟ ਹੀ ਬੰਦ ਹੋ ਗਏ ਹਨ, ਇਸ ਤਾਪਘਰ ਵਲੋਂ ਬੀਤੀ ਕੱਲ੍ਹ ਦੋ ਯੂਨਿਟ ਨੇ 493 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਸੀ ਅਤੇ ਇਸ ਦੀ ਕੁੱਲ ਸਮਰੱਥਾ 540 ਹੈ | ਇਸ ਤੋਂ ਪਹਿਲਾਂ ਬੀਤੀ ਕੱਲ੍ਹ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਉਤਰੀ ਭਾਰਤ ਦੇ ਨਿੱਜੀ ਭਾਈਵਾਲ ਤਹਿਤ ਲੱਗੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.) ਦਾ ਯੂਨਿਟ ਨੰਬਰ-1 ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ, ਉਸ ਸੰਬੰਧੀ ਪ੍ਰਬੰਧਕਾਂ ਵਲੋਂ ਅੱਧੀ ਰਾਤ ਤੋਂ ਬਾਅਦ ਚਾਲੂ ਹੋਣ ਦੀ ਸਥਿਤੀ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ | ਬਣਾਂਵਾਲਾ ਤਾਪਘਰ ਦੇ ਯੂਨਿਟ ਨੰਬਰ-2 ਨੇ 631 ਅਤੇ ਯੂਨਿਟ ਨੰਬਰ-3 ਵਲੋਂ 626 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਇਸ ਤਾਪਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ | ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਪੱਕੇ ਤੌਰ 'ਤੇ ਬੰਦ ਹਨ ਅਤੇ ਯੂਨਿਟ-3,4,5,6 ਵਲੋਂ ਕ੍ਰਮਵਾਰ 151,147,141,141 ਕੁੱਲ 581 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਜਾ ਰਹੀ ਹੈ | ਇਸ ਤਾਪ ਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਦੱਸੀ ਜਾਂਦੀ ਹੈ | ਉਧਰ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਰਾਜਪੁਰਾ ਵਿਖੇ ਲੱਗੇ ਐਲ ਐਂਡ ਟੀ ਦੇ ਤਾਪਘਰ ਦੇ ਦੋਨੋਂ ਯੂਨਿਟ ਭੱਖ ਰਹੇ ਹਨ, ਜਿਨ੍ਹਾਂ ਵਲੋਂ ਕ੍ਰਮਵਾਰ 656 ਅਤੇ 658 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ | ਇਸ ਤਾਪਘਰ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ |