ਨਵੀਂ ਦਿੱਲੀ, 15 ਜੂਨ (ਪੀ. ਟੀ. ਆਈ.)-ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਐਤਵਾਰ ਨੂੰ ਇਥੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਜਨਗਣਨਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ | ਜਾਤੀ ਗਣਨਾ ਦੇ ਨਾਲ ਭਾਰਤ ਦੀ 16ਵੀਂ ਜਨਗਣਨਾ 2027 ਵਿਚ ਕੀਤੀ ਜਾਵੇਗੀ, ਜਿਸ ਦੀ ਸੰਭਾਵਿਤ ਮਿਤੀ ਲੱਦਾਖ ਵਰਗੇ ਬਰਫ਼ਬਾਰੀ ਵਾਲੇ ਖੇਤਰਾਂ ਵਿਚ 1 ਮਾਰਚ, 2026 ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ 1 ਮਾਰਚ, 2027 ਨੂੰ ਹੋਵੇਗੀ | ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਜਨਗਣਨਾ ਕਰਵਾਉਣ ਲਈ ਨੋਟੀਫਿਕੇਸ਼ਨ ਸੋਮਵਾਰ ਨੂੰ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ | ਗ੍ਰਹਿ ਮੰਤਰੀ ਨੇ ਇਥੇ ਕੇਂਦਰੀ ਗ੍ਰਹਿ ਸਕੱਤਰ, ਰਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਆਫ਼ ਇੰਡੀਆ ਮਿ੍ਤੁੰਜੇ ਕੁਮਾਰ ਨਾਰਾਇਣ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਜਨਗਣਨਾ ਦੀ ਤਿਆਰੀ ਦੀ ਸਮੀਖਿਆ ਕੀਤੀ | ਇਸ ਵਿਚ ਕਿਹਾ ਗਿਆ ਹੈ ਕਿ ਜਨਗਣਨਾ ਦੋ ਪੜਾਵਾਂ ਵਿਚ ਕੀਤੀ ਜਾਵੇਗੀ | ਪਹਿਲੇ ਪੜਾਅ ਯਾਨੀ ਕਿ ਹਾਊਸਲਿਸਟਿੰਗ ਆਪ੍ਰੇਸ਼ਨ ਵਿਚ ਹਰੇਕ ਘਰ ਦੀਆਂ ਰਿਹਾਇਸ਼ੀ ਸਥਿਤੀਆਂ, ਸੰਪਤੀਆਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ | ਇਸ ਤੋਂ ਬਾਅਦ, ਦੂਜੇ ਪੜਾਅ ਯਾਨੀ ਆਬਾਦੀ ਗਣਨਾ ਵਿਚ ਹਰੇਕ ਘਰ ਦੇ ਹਰੇਕ ਵਿਅਕਤੀ ਅਤੇ ਉਸ ਦੇ ਸਮਾਜਿਕ-ਆਰਥਿਕ, ਸੱਭਿਆਚਾਰਕ ਤੇ ਹੋਰ ਵੇਰਵੇ ਇਕੱਠੇ ਕੀਤੇ ਜਾਣਗੇ | ਜਨਗਣਨਾ ਗਤੀਵਿਧੀਆਂ ਲਈ ਲਗਭਗ 34 ਲੱਖ ਗਣਨਾਕਾਰ ਤੇ ਸੁਪਰਵਾਈਜ਼ਰ ਅਤੇ ਲਗਭਗ 1.3 ਲੱਖ ਜਨਗਣਨਾ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਜਨਗਣਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੈ |
ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜਨਗਣਨਾ ਦੀਆਂ ਤਿਆਰੀਆਂ ਦੀ ਸਮੀਖਿਆ <br/>
ਅਜੀਤ ਡੈਸਕ
16-06-2025