ਮੰਡੀ ਗੋਬਿੰਦਗੜ੍ਹ, 16 ਜੂਨ (ਰਾਜੇਸ਼ ਸ਼ਰਮਾ)-ਸਥਾਨਕ ਮਾਸਟਰ ਕਾਲੋਨੀ ਵਿਚ ਅੱਜ ਦੁਪਹਿਰ ਸਮੇਂ ਨੌਜਵਾਨਾਂ ਦਰਮਿਆਨ ਆਪਸੀ ਝਗੜਾ ਖੂਨੀ ਜੰਗ ਦਾ ਕਾਰਨ ਬਣ ਗਿਆ ਜਿਸ ਵਿਚ ਇਕ ਨਿਹੰਗ ਸਿੰਘ ਦਾ ਬਾਣਾ ਪਾਏ ਨੌਜਵਾਨ ਨੇ ਆਪਣੇ ਹੀ ਗੁਆਂਢੀ ਦਾ ਤੇਜ਼ਧਾਰ ਹਥਿਆਰ ਨਾਲ ਗੁੱਟ ਵੱਢ ਦਿੱਤਾ | ਇਸ ਘਟਨਾ ਤੋਂ ਬਾਅਦ ਜ਼ਖ਼ਮੀ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦਾਖਲ ਕਰਵਾਉਣਾ ਪਿਆ, ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੰੂ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਸਰਕਾਰੀ ਹਸਪਤਾਲ, ਸੈਕਟਰ 32 ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ | ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦਾ ਬਿਆਨ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ, ਨਿਹੰਗ ਸਿੰਘ ਦੀ ਪਹਿਚਾਣ ਕਰਮਵੀਰ ਸਿੰਘ ਉਰਫ਼ ਲਵਲੀ ਅਤੇ ਜ਼ਖ਼ਮੀ ਹੋਏ ਨੌਜਵਾਨ ਦੀ ਪਹਿਚਾਣ ਜਤਿਨ ਵਾਲੀਆ ਉਰਫ਼ ਡਰੈਗਨ ਵਾਸੀ ਮਾਸਟਰ ਕਾਲੋਨੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ, ਜੋ ਕਿ ਗੋਬਿੰਦਗੜ੍ਹ ਨਗਰ ਕੌਂਸਲ ਵਿਚ ਕੱਚੇ ਮੁਲਾਜ਼ਮ ਵਜੋਂ ਸਫ਼ਾਈ ਕਰਮਚਾਰੀ ਸੇਵਾ ਨਿਭਾ ਰਿਹਾ ਹੈ | ਪੁਲਿਸ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ.ਐਚ.ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸੰਬੰਧੀ ਹਮਲਾਵਰ ਕਰਮਵੀਰ ਸਿੰਘ ਉਰਫ਼ ਲਵਲੀ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ |
ਹਮਲਾਵਰ ਦੀ ਮਾਂ ਨੇ ਆਪਣੇ ਪੁੱਤ ਨੂੰ ਦੱਸਿਆ ਨਿਰਦੋਸ਼: ਉੱਧਰ ਹਮਲਾਵਰ ਦੀ ਮਾਤਾ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਮੁਹੱਲੇ ਵਿਚ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਹਮੇਸ਼ਾ ਰੋਕਦਾ ਸੀ ਪਰ ਇਨ੍ਹਾਂ ਲੜਕਿਆਂ ਨੇ ਅੱਜ ਉਸ ਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਕਾਰਨ ਗੱਲ ਖ਼ੂਨ ਖ਼ਰਾਬੇ ਤੱਕ ਪਹੁੰਚ ਗਈ | ਉਨ੍ਹਾਂ ਆਪਣੇ ਲੜਕੇ ਨੂੰ ਨਿਰਦੋਸ਼ ਦੱਸਿਆ |
ਨਿਹੰਗ ਨੇ ਗੁਆਂਢੀ ਦਾ ਵੱਢਿਆ ਗੁੱਟ, ਪੀੜਤ ਚੰਡੀਗੜ੍ਹ ਰੈਫ਼ਰ <br/>
ਅਜੀਤ ਡੈਸਕ
17-06-2025