17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕਿਲ੍ਹਾ ਗੋਬਿੰਦਗੜ੍ਹ ਦੇ ਤੋਸ਼ਾਖ਼ਾਨਾ ਹੇਠ ਸਿੱਖ ਰਾਜ ਦੇ ਕਈ ਮਹੱਤਵਪੂਰਨ ਰਾਜ਼ ਦਫ਼ਨ ਹੋਣ ਦੀ ਸੰਭਾਵਨਾ <br/>

ਅਜੀਤ ਡੈਸਕ 17-06-2025

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਨਜ਼ਦੀਕ ਮੌਜੂਦ ਅੰਮਿ੍ਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚਲੀ ਤੋਸ਼ਾਖ਼ਾਨਾ ਦੀ ਵਿਸ਼ਾਲ ਇਮਾਰਤ ਦਾ ਅੰਦਰੂਨੀ ਢਾਂਚਾ ਕਿਲ੍ਹਾ ਵੇਖਣ ਆਉਣ ਵਾਲੇ ਦਰਸ਼ਕਾਂ ਸਮੇਤ ਇਤਿਹਾਸ ਦੇ ਜਾਣਕਾਰਾਂ ਲਈ ਇਕ ਬੁਝਾਰਤ ਬਣਿਆ ਹੋਇਆ ਹੈ | ਇਸ ਤੋਸ਼ਾਖ਼ਾਨਾ ਦੇ ਹੇਠਲੇ ਢਾਂਚੇ 'ਚ ਸਿੱਖ ਰਾਜ ਦੇ ਕਈ ਮਹੱਤਵਪੂਰਨ ਰਾਜ ਦਫ਼ਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਤੋਸ਼ਾਖ਼ਾਨਾ ਦੀ ਇਸ ਇਮਾਰਤ ਨੂੰ ਕਿਲ੍ਹਾ ਗੋਬਿੰਦਗੜ੍ਹ ਦੇ ਨਿਰਮਾਣ ਦੇ 4 ਸਾਲ ਬਾਅਦ ਬੇਸ਼ਕੀਮਤੀ ਕੋਹੇਨੂਰ ਹੀਰੇ ਦੀ ਸੁਰੱਖਿਆ ਲਈ ਉਸਾਰਿਆ ਗਿਆ ਸੀ ਅਤੇ ਇੱਥੇ ਉਕਤ ਹੀਰੇ ਸਮੇਤ ਹੋਰ ਬਹੁਮੁੱਲੀ ਖ਼ਜ਼ਾਨਾ ਅਤੇ ਇਲਾਕੇ ਦੇ ਮਾਲੀਏ ਨਾਲ ਸੰਬੰਧਿਤ ਦਸਤਾਵੇਜ਼ ਰੱਖੇ ਜਾਂਦੇ ਸਨ | ਕਿਲ੍ਹੇ ਦੇ ਅੱਧ ਵਿਚਾਲੇ ਉਸਾਰੀ ਗਈ ਤੋਸ਼ਾਖ਼ਾਨਾ ਦੀ ਇਹ ਇਮਾਰਤ ਲਗਭਗ 25-30 ਫੁੱਟ ਉੱਚੇ ਵਿਸ਼ਾਲ ਥੜ੍ਹੇ 'ਤੇ ਉਸਾਰੀ ਗਈ ਹੈ, ਜਿੱਥੇ ਪਹੁੰਚਣ ਲਈ ਸਮਾਰਕ ਦੇ ਦੋਹੀਂ ਪਾਸੇ ਗੁਲਾਈ 'ਚ ਖੁੱਲ੍ਹੀਆਂ ਵੱਡੀਆਂ ਪੌੜੀਆਂ ਬਣਾਈਆਂ ਗਈਆਂ ਹਨ | ਇਸ ਥੜ੍ਹੇ ਦੇ ਹੇਠਾਂ ਨਾਨਕਸ਼ਾਹੀ ਇੱਟਾਂ ਨਾਲ ਉਸਾਰੀ ਇਮਾਰਤ ਨੂੰ ਸਿੱਖ ਰਾਜ ਵੇਲੇ ਜਾਂ ਅੰਗਰੇਜ਼ੀ ਸ਼ਾਸਨ ਦੌਰਾਨ ਕਿਸ ਮਕਸਦ ਹਿਤ ਵਰਤੋਂ 'ਚ ਲਿਆਇਆ ਜਾਂਦਾ ਰਿਹਾ ਹੈ ਅਤੇ ਇਮਾਰਤ ਦੇ ਢਾਂਚੇ ਦੀ ਬਨਾਵਟ ਕਿਸ ਤਰ੍ਹਾਂ ਦੀ ਹੈ, ਇਸ ਬਾਰੇ 'ਚ ਕਿਸੇ ਪੁਸਤਕ ਜਾਂ ਇਤਿਹਾਸਕ ਦਸਤਾਵੇਜ਼ 'ਚ ਕੋਈ ਪੁਖ਼ਤਾ ਜਾਣਕਾਰੀ ਦਰਜ ਨਹੀਂ ਹੈ | ਕਿਲ੍ਹਾ ਖੋਲ੍ਹੇ ਜਾਣ ਦੇ ਬਾਅਦ ਤੋਂ ਲਗਾਤਾਰ ਉਕਤ ਤੋਸ਼ਾਖ਼ਾਨਾ ਦੀ ਇਮਾਰਤ ਦੇ ਹੇਠਾਂ ਆਧੁਨਿਕ ਲੇਜ਼ਰ ਤਕਨੀਕ ਦੀ ਸਹਾਇਤਾ ਨਾਲ ਜਾਂ ਖ਼ੁਦਾਈ ਕਰਵਾ ਕੇ ਇਸ ਬਾਰੇ ਪਤਾ ਲਗਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ | ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਤੋਸ਼ਾਖ਼ਾਨਾ ਦੇ ਥੜ੍ਹੇ ਦੇ ਹੇਠਾਂ ਖ਼ੁਦਾਈ ਕਰਨ 'ਤੇ ਸਿੱਖ ਰਾਜ ਨਾਲ ਸੰਬੰਧਿਤ ਕਈ ਮਹੱਤਵਪੂਰਨ ਨਿਸ਼ਾਨੀਆਂ ਜ਼ਾਹਿਰ ਹੋ ਸਕਦੀਆਂ ਹਨ | ਇਸ ਦੇ ਇਲਾਵਾ ਕਿਲ੍ਹਾ ਗੋਬਿੰਦਗੜ੍ਹ 'ਚ ਹਤਿਆਰੇ ਜਨਰਲ ਆਰ. ਈ. ਐੱਚ. ਡਾਇਰ ਦੀ ਕਥਿਤ ਕੋਠੀ (ਬੰਗਲਾ) ਅਤੇ ਫਾਂਸੀ ਘਰ ਦੀ ਸਚਾਈ ਜਨਤਕ ਹੋਣ ਤੋਂ ਬਾਅਦ ਭਾਵੇਂ ਕਿ ਮੌਜੂਦਾ ਸਮੇਂ ਕਿਲ੍ਹੇ ਵਿਚ ਲਗਾਏ ਨਕਸ਼ਿਆਂ 'ਚੋਂ ਡਾਇਰ ਦੀ ਕੋਠੀ ਅਤੇ ਫਾਂਸੀ ਘਰ ਨੂੰ ਗ਼ਾਇਬ ਕਰਦਿਆਂ 'ਡਾਇਰ' ਦੇ ਨਾਂਅ ਹਟਾ ਦਿੱਤੇ ਗਏ ਹਨ, ਜਦਕਿ ਕਿਲ੍ਹੇ ਦੇ ਅੰਦਰ ਮੌਜੂਦ ਕਲੋਰਿਨੇਸ਼ਨ ਹਾਊਸ (ਦੂਸ਼ਿਤ ਪਾਣੀ ਵਿਚ ਜਮਾ ਬੈਕਟੀਰੀਆ ਨਸ਼ਟ ਕਰਨ ਵਾਲਾ ਪਲਾਂਟ) ਨੂੰ ਅਜੇ ਵੀ ਜਨਰਲ ਡਾਇਰ ਦਾ ਫਾਂਸੀ ਘਰ ਦੱਸ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਕਿਲ੍ਹੇ 'ਚ ਸੈਨਿਕਾਂ ਦੀਆਂ ਬੈਰਕਾਂ ਦੇ ਨਾਲ ਲਗਦੇ ਕਿਲ੍ਹੇ ਦੇ ਸਿਵਲ ਗਵਰਨਰ ਫ਼ਕੀਰ ਇਮਾਮੂਦੀਨ ਦੇ ਨਿਵਾਸ ਵਾਲੇ ਭਵਨ ਨੂੰ ਤੋਸ਼ਾਖ਼ਾਨਾ ਅਤੇ ਤੋਸ਼ੇਖ਼ਾਨੇ ਦੀ ਅਸਲ ਇਮਾਰਤ ਨੂੰ 'ਐਂਗਲੋ-ਸਿੱਖ ਬੰਗਲਾ ਅਤੇ ਕਲੋਨੀਅਲ ਹਾਊਸ' ਦੱਸ ਕੇ ਸੈਲਾਨੀਆਂ ਅਤੇ ਹੋਰਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਪੰਜਾਬ ਭਵਨ ਸਰੀ ਵਲੋਂ ਪ੍ਰਾਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ' ਤਹਿਤ ਬੱਚਿਆਂ ਦਾ ਆਨਲਾਈਨ ਪ੍ਰੋਗਰਾਮ <br/> ਅਗਲੀ ਖ਼ਬਰ ਸਾਈਕਲਾਂ ਵਾਲੇ ਕਿਵੇਂ ਬਣੇ ਵੱਡੀਆਂ ਗੱਡੀਆਂ ਦੇ ਮਾਲਕ, ਪਤਾ ਲਗਾਉਣ ਲਈ ਕਰਾਈ ਜਾਵੇ ਜਾਂਚ-ਜਾਖੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।