ਨਵੀਂ ਦਿੱਲੀ, 16 ਜੂਨ (ਏਜੰਸੀ)- ਸਰਕਾਰ ਈਰਾਨ-ਇਜ਼ਰਾਈਲ ਟਕਰਾਅ ਤੋਂ ਪੈਦਾ ਹੋਈ ਸਥਿਤੀ 'ਤੇ ਨੇੜਿਓਾ ਨਜ਼ਰ ਰੱਖ ਰਹੀ ਹੈ, ਅਤੇ ਦੇਸ਼ ਦੇ ਵਿਦੇਸ਼ੀ ਵਪਾਰ 'ਤੇ ਪ੍ਰਭਾਵ ਦਾ ਮੁਲਾਂਕਣ ਕਰਨ ਅਤੇ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਇਸ ਹਫ਼ਤੇ ਸ਼ਿਪਿੰਗ ਲਾਈਨਾਂ, ਕੰਟੇਨਰ ਫਰਮਾਂ ਅਤੇ ਹੋਰ ਹਿੱਸੇਦਾਰਾਂ ਨਾਲ ਇਕ ਮੀਟਿੰਗ ਕੀਤੀ ਜਾਵੇਗੀ | ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਭਾਰਤ ਦੇ ਵਪਾਰ 'ਤੇ ਯੁੱਧ ਦਾ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸਥਿਤੀ ਸਮੇਂ ਦੇ ਨਾਲ ਕਿਵੇਂ ਵਿਕਸਤ ਹੁੰਦੀ ਹੈ | ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ | ਅਸੀਂ (ਇਸ ਹਫ਼ਤੇ) ਸਾਰੀਆਂ ਸ਼ਿਪਿੰਗ ਲਾਈਨਾਂ, ਕੰਟੇਨਰ ਸੰਗਠਨਾਂ, ਸਬੰਧਤ ਵਿਭਾਗਾਂ ਅਤੇ ਹਿੱਸੇਦਾਰਾਂ ਦੀ ਇੱਕ ਮੀਟਿੰਗ ਵੀ ਬੁਲਾ ਰਹੇ ਹਾਂ ਤਾਂ ਜੋ ਉਨ੍ਹਾਂ ਤੋਂ ਇਹ ਸਮਝਿਆ ਜਾ ਸਕੇ ਕਿ ਉਹ ਕਿਸ ਤਰ੍ਹਾਂ ਦੇ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਸੀਂ ਇਸ ਨੂੰ ਕਿਵੇਂ ਹੱਲ ਕਰ ਸਕਦੇ ਹਾਂ | ਨਿਰਯਾਤਕਾਂ ਨੇ ਕਿਹਾ ਹੈ ਕਿ ਜੇਕਰ ਯੁੱਧ ਹੋਰ ਵਧਦਾ ਹੈ ਤਾਂ ਇਹ ਵਿਸ਼ਵ ਵਪਾਰ ਨੂੰ ਪ੍ਰਭਾਵਿਤ ਕਰੇਗਾ ਅਤੇ ਹਵਾਈ ਅਤੇ ਸਮੁੰਦਰੀ ਮਾਲ ਭਾੜੇ ਦੀਆਂ ਦਰਾਂ ਦੋਵਾਂ ਨੂੰ ਵਧਾਏਗਾ | ਉਨ੍ਹਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਟਕਰਾਅ ਦੇ ਹੋਰਮੁਜ਼ ਜਲਡਮਰੂ ਅਤੇ ਲਾਲ ਸਾਗਰ ਤੋਂ ਵਪਾਰੀ ਜਹਾਜ਼ਾਂ ਦੀ ਆਵਾਜਾਈ 'ਤੇ ਪ੍ਰਭਾਵ ਪੈਣ ਦੀ ਉਮੀਦ ਹੈ |