ਸਿੱਖ ਕਤਲੇਆਮ ਦੀ ਯਾਦਗਾਰ ਉਸਾਰਨ ਦਾ ਜ਼ਿੰਮਾ ਸ਼੍ਰੋਮਣੀ ਕਮੇਟੀ ਆਪ ਸੰਭਾਲੇ-ਸਿੱਖ ਆਗੂ
<br/>
ਮਲੇਰਕੋਟਲਾ, 17 ਜੂਨ (ਮਨਜਿੰਦਰ ਸਿੰਘ ਸਰੌਦ)-ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 2 ਨਵੰਬਰ 1984 ਦੀ ਸਵੇਰ ਨੂੰ ਸਾਢੇ ਕੁ 7 ਵਜੇ ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਦੀ ਤਹਿਸੀਲ ਪਟੌਦੀ ਦੇ ਪਿੰਡ ਹੋਂਦ ਚਿੱਲੜ ਨੂੰ ਭੀੜ ਨੇ ਨਿਸ਼ਾਨਾ ਬਣਾਉਂਦਿਆਂ ਕਰੀਬ 18 ਸਿੱਖ ਪਰਿਵਾਰਾਂ ਦੇ 32 ਜੀਆਂ ਨੂੰ ਮਿੱਟੀ ਦਾ ਤੇਲ ਪਾਕੇ ਜਿਉਂਦਿਆਂ ਨੂੰ ਸਾੜ ਕੇ ਮੌਤ ਦੇ ਹਵਾਲੇ ਕਰ ਦਿੱਤਾ | ਉਸ ਤੋਂ ਇਲਾਵਾ ਪਟੌਦੀ ਤੇ ਗੁੜਗਾਉਂ ਆਦਿ ਵਿਖੇ ਵੀ 47 ਸਿੱਖਾਂ ਨੂੰ ਵਹਿਸ਼ੀਆਂ ਢੰਗ ਨਾਲ ਕੋਹ-ਕੋਹ ਕੇ ਮਾਰ ਦਿੱਤਾ ਗਿਆ | ਕਰੀਬ 27 ਵਰਿ੍ਹਆਂ ਬਾਅਦ ਇਸ ਖ਼ੂਨੀ ਕਾਂਡ ਦਾ ਚਿੱਠਾ ਅਦਾਲਤ ਦੀਆਂ ਬਰੂਹਾਂ ਤੱਕ ਪਹੁੰਚਿਆ | ਸ਼੍ਰੋਮਣੀ ਕਮੇਟੀ ਵਲੋਂ ਕੁਝ ਸੱਜਣਾਂ ਦੇ ਸਹਿਯੋਗ ਸਦਕਾ ਲੜੇ ਗਏ ਕੇਸਾਂ ਦੀ ਬਦੌਲਤ ਕਈ ਵਰਿ੍ਹਆਂ ਬਾਅਦ ਪੀੜਤਾਂ ਨੂੰ ਲਗਭਗ 22 ਕਰੋੜ 60 ਲੱਖ ਰੁਪਏ ਦੇ ਕਰੀਬ ਮੁਆਵਜ਼ਾ ਮਿਲਿਆ | ਕਿਸੇ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਾ ਹੋਈ | ਅੱਜ ਵੀ 133 ਕੇਸ ਅਦਾਲਤਾਂ ਵਿਚ ਲੰਬਿਤ ਪਏ ਹਨ | ਫਿਰ ਦੌਰ ਸ਼ੁਰੂ ਹੋਇਆ ਹੋਂਦ ਚਿੱਲੜ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਪਰ ਪਤਾ ਨਹੀਂ ਅਜਿਹੇ ਕਾਰਨ ਕੀ ਬਣੇ ਕਿ ਇਸ ਕੌਮੀ ਮਸਲੇ 'ਤੇ ਲੰਬਾ ਸਮਾਂ ਬਿਉਤਾਂ ਬਣਾਉਣ ਤੋਂ ਸਿਵਾਏ ਸ਼ਹੀਦੀ ਯਾਦਗਾਰ ਦਾ ਕੰਮ ਸ਼ੁਰੂ ਨਾ ਹੋ ਸਕਿਆ | ਚੇਅਰਮੈਨ ਅਕਾਲੀ ਆਗੂ ਪ੍ਰਦੱਮਣ ਸਿੰਘ ਦਲੇਲਗੜ੍ਹ, ਪੰਥਕ ਢਾਡੀ ਮਨਦੀਪ ਸਿੰਘ ਪੋਹੀੜ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਗੁਰਦੇਵ ਸਿੰਘ ਸੰਗਾਲਾ ਤੇ ਸੀਨੀਅਰ ਆਗੂ ਸਤਿੰਦਰ ਸਿੰਘ ਸੇਹਕੇ ਸਣੇ ਕਈ ਆਗੂਆਂ ਨੇ ਆਖਿਆ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸ਼ਹੀਦੀ ਯਾਦਗਾਰ ਬਣਾਉਣ ਦਾ ਕੰਮ ਆਪ ਸ਼ੁਰੂ ਕਰੇ | ਕਿਉਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਅਦਾਲਤਾਂ ਵਿਚ ਪੀੜਤ ਪਰਿਵਾਰਾਂ ਦੇ ਕੇਸਾਂ ਦੀ ਲੰਬੀ ਲੜਾਈ ਲੜੀ ਹੈ ਜੋ ਅੱਜ ਵੀ ਜਾਰੀ ਹੈ | ਇਸ ਸਬੰਧੀ ਜਦ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਇਸ ਮਾਮਲੇ ਨੂੰ ਲੈ ਕੇ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨਾਲ ਗੱਲ ਕਰਨਗੇ |
ਹੋਂਦ ਚਿੱਲੜ ਵਿਖੇ 41 ਵਰਿ੍ਹਆਂ ਬਾਅਦ ਵੀ 79 ਸਿੱਖਾਂ ਦੇ ਕਤਲੇਆਮ ਦੀ ਕੌਮੀ ਯਾਦਗਾਰ ਨਾ ਬਣ ਸਕੀ
ਅਜੀਤ ਡੈਸਕ
18-06-2025