ਪ੍ਰਦਰਸ਼ਨਕਾਰੀਆਂ ਨੇ ਆਸਿਮ ਮੁਨੀਰ ਨੂੰ 'ਡਰਪੋਕ', 'ਬੁੱਚੜ' ਅਤੇ 'ਪਾਕਿਸਤਾਨੀਆਂ ਦਾ ਕਾਤਲ' ਦੱਸਿਆ
<br/>
ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਅਮਰੀਕਾ ਗਏ ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ | ਆਪਣੇ ਫ਼ੌਜ ਮੁਖੀ ਦੇ ਵਿਰੋਧ 'ਚ ਪਾਕਿਸਤਾਨੀਆਂ ਵਲੋਂ ਹੱਥਾਂ 'ਚ ਫੜ੍ਹੀਆਂ ਤਖ਼ਤੀਆਂ ਅਤੇ ਵਾਹਨਾਂ 'ਤੇ ਲਗਾਏ ਪੋਸਟਰਾਂ 'ਤੇ 'ਪਾਕਿਸਤਾਨੀਆਂ ਦਾ ਕਾਤਲ', 'ਇਸਲਾਮਾਬਾਦ ਦਾ ਬੁੱਚੜ', 'ਸਮੂਹਿਕ ਕਾਤਲ' ਲਿਖਿਆ ਹੋਇਆ ਸੀ | ਮੁਨੀਰ ਵਿਰੁੱਧ ਵਿਰੋਧ ਦੀ ਇਹ ਘਟਨਾ ਵਾਸ਼ਿੰਗਟਨ 'ਚ ਵਾਪਰੀ | ਜਾਰੀ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਪਾਕਿ ਦੇ ਨਾਗਰਿਕ ਆਸਿਮ ਮੁਨੀਰ ਦੇ ਹੋਟਲ ਸਾਹਮਣੇ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਏ ਸਨ | ਪਾਕਿ ਸਰਕਾਰ ਨੇ ਵਾਸ਼ਿੰਗਟਨ 'ਚ ਫ਼ੌਜ ਮੁਖੀ ਦਾ ਪਾਕਿਸਤਾਨੀਆਂ ਵਲੋਂ 'ਨਿੱਘਾ ਸਵਾਗਤ' ਕੀਤੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਥੇ ਜਿਨ੍ਹਾਂ ਲੋਕਾਂ ਵਲੋਂ ਵਿਰੋਧ ਕੀਤਾ ਗਿਆ, ਉਹ ਲੋਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਕ ਸਨ | ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਫ਼ੌਜ ਮੁਖੀ ਦੇ ਸਾਹਮਣੇ ਪ੍ਰਦਰਸ਼ਨਕਾਰੀ 'ਆਸਿਮ ਮੁਨੀਰ, ਤੁਸੀਂ ਡਰਪੋਕ ਹੋ', 'ਸ਼ਰਮ ਕਰ ਹੱਤਿਆਰੇ' ਅਤੇ 'ਤਾਨਾਸ਼ਾਹ' ਤੇ 'ਪਾਕਿਸਤਾਨੀਆਂ ਦਾ ਕਾਤਲ' ਵਰਗੇ ਨਾਅਰੇ ਲਗਾ ਰਹੇ ਸਨ | ਪਾਕਿਸਤਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਆਸਿਮ ਮੁਨੀਰ ਐਤਵਾਰ ਨੂੰ 5 ਦਿਨਾਂ ਦੀ ਸਰਕਾਰੀ ਯਾਤਰਾ ਲਈ ਵਾਸ਼ਿੰਗਟਨ ਪਹੁੰਚੇ, ਜਿਸ ਦਾ ਉਦੇਸ਼ ਅਮਰੀਕਾ ਨਾਲ ਫ਼ੌਜੀ ਅਤੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਸੀ |
ਪਾਕਿ ਦੇ ਫ਼ੌਜ ਮੁਖੀ ਦਾ ਵਾਸ਼ਿੰਗਟਨ 'ਚ ਭਾਰੀ ਵਿਰੋਧ
ਅਜੀਤ ਡੈਸਕ
18-06-2025