ਚੰਡੀਗੜ੍ਹ, 17 ਜੂਨ (ਪੀ. ਟੀ. ਆਈ.)-ਸੋਨੀਪਤ ਵਿਚ ਇਕ ਨਹਿਰ ਵਿਚੋਂ ਹਰਿਆਣਾ ਦੀ ਇਕ ਮਾਡਲ ਦੀ ਲਾਸ਼ ਬਰਾਮਦ ਹੋਣ ਤੋਂ ਕੁਝ ਦਿਨਾਂ ਬਾਅਦ ਉਸ ਦੇ ਸਾਥੀ ਸੁਨੀਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਦੱਸਿਆ ਕਿ 24 ਸਾਲਾ ਸ਼ੀਤਲ ਦੀ ਨਹਿਰ 'ਚੋਂ ਲਾਸ਼ ਮਿਲੀ ਸੀ, ਜਿਸ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ | ਨਹਿਰ 'ਚੋਂ ਇਕ ਕਾਰ ਵੀ ਬਰਾਮਦ ਕੀਤੀ ਗਈ | ਪਾਣੀਪਤ ਦੇ ਡੀ.ਐਸ.ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ੱਕੀ ਸੁਨੀਲ ਨੇ ਦੱਸਿਆ ਕਿ ਉਸ ਨੇ ਕਾਰ ਨੂੰ ਨਹਿਰ ਵਿਚ ਧੱਕ ਦਿੱਤਾ, ਆਪਣੇ-ਆਪ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ | ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਤੈਰਨ ਵਿਚ ਕਾਮਯਾਬ ਹੋ ਗਿਆ ਤੇ ਇਸ ਨੂੰ ਹਾਦਸਾ ਦੱਸ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਡੀ.ਐਸ.ਪੀ. ਅਨੁਸਾਰ ਸ਼ੀਤਲ ਉਰਫ਼ ਸਿੰਮੀ ਤੇ ਸੁਨੀਲ ਦਾ ਕਥਿਤ ਤੌਰ 'ਤੇ ਹੱਤਿਆ ਤੋਂ ਪਹਿਲਾਂ ਝਗੜਾ ਹੋਇਆ ਸੀ | ਉਹ ਸਨਿਚਰਵਾਰ ਤੋਂ ਲਾਪਤਾ ਸੀ | ਸ਼ੀਤਲ, ਜੋ ਕਿ ਸੰਗੀਤ ਵੀਡੀਓ ਬਣਾਉਣ ਦਾ ਕੰਮ ਕਰਦੀ ਸੀ, ਸਨਿਚਰਵਾਰ ਨੂੰ ਕਿਸੇ ਸ਼ੂਟਿੰਗ ਲਈ ਪਾਣੀਪਤ ਦੇ ਅਹਾਰ ਪਿੰਡ ਗਈ ਸੀ | ਪੁਲਿਸ ਨੇ ਕਿਹਾ ਕਿ ਸ਼ੀਤਲ ਤੇ ਸੁਨੀਲ ਸ਼ਾਮ ਨੂੰ ਕਾਰ ਵਿਚ ਇਕੱਠੇ ਗਏ ਸਨ, ਜਿਥੇ ਉਨ੍ਹਾਂ ਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ ਅਤੇ ਸੁਨੀਲ ਨੇ ਸ਼ੀਤਲ 'ਤੇ ਚਾਕੂ ਨਾਲ ਕਈ ਵਾਰ ਕੀਤੇ | ਡੀ.ਐਸ.ਪੀ. ਨੇ ਕਿਹਾ ਕਿ ਸੁਨੀਲ ਇਕੱਲਾ ਦੋਸ਼ੀ ਹੈ ਜਾਂ ਨਹੀਂ ਜਾਂ ਕੀ ਉਸ ਦਾ ਅਪਰਾਧ ਵਿਚ ਕੋਈ ਸਾਥੀ ਸੀ, ਇਸ ਸੰਬੰਧੀ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਸਾਰੀ ਜਾਂਚ ਕੀਤੀ ਜਾਵੇਗੀ |