ਮੁੰਬਈ, 17 ਜੂਨ (ਪੀ.ਟੀ.ਆਈ.)-ਮੁੰਬਈ ਪੁਲਿਸ ਨੇ ਪੰਜਾਬ ਤੋਂ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਆਪਣਾ ਨਸ਼ਾ ਪੂਰਾ ਕਰਨ ਲਈ ਏ.ਟੀ.ਐਮ. ਲੁੱਟਿਆ ਸੀ | ਪੁਲਿਸ ਅਧਿਕਾਰੀਆਂ ਅਨੁਸਾਰ ਜਸਬੀਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਲਕਸ਼ਪਾਲ ਸਿੰਘ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਗਰੋਹ ਦੇ ਮੈਂਬਰਾਂ ਨੇ ਏ.ਟੀ.ਐਮ. ਤੋੜੇ ਅਤੇ ਨਸ਼ੇ ਦੀ ਲਤ ਅਤੇ ਆਲੀਸ਼ਾਨ ਜੀਵਨ ਸ਼ੈਲੀ ਨੂੰ ਪੂਰਾ ਕਰਨ ਲਈ ਨਕਦੀ ਚੋਰੀ ਕੀਤੀ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਉੱਪਨਗਰੀ ਕੁਰਲਾ (ਪੂਰਬੀ) ਦੇ ਨਹਿਰੂਨਗਰ ਖੇਤਰ ਵਿਚ ਅਭਯੁਦਿਆ ਸਹਿਕਾਰੀ ਬੈਂਕ ਦੇ ਇਕ ਏ.ਟੀ.ਐਮ. ਨੂੰ ਲੁੱਟਿਆ ਸੀ ਅਤੇ ਤਿੰਨ ਲੱਖ ਰੁਪਏ ਤੋਂ ਵੱਧ ਚੋਰੀ ਕੀਤੇ ਸਨ | ਉਨ੍ਹਾਂ ਕਿਹਾ ਕਿ ਨਹਿਰੂਨਗਰ ਪੁਲਿਸ ਨੇ ਸੀ.ਸੀ.ਟੀ.ਵੀ. ਤਸਵੀਰਾਂ, ਤਕਨੀਕੀ ਵਿਸ਼ਲੇਸ਼ਣ ਤੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਪੰਜਾਬ ਤੋਂ ਗਿ੍ਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਇਕ ਸਕੌਡਾ ਕਾਰ, ਮੋਬਾਈਲ ਫੋਨ, ਨਕਲੀ ਚਾਬੀਆਂ, ਇਕ ਇੰਟਰਨੈੱਟ ਡੌਂਗਲ, ਸਿੰਮ ਕਾਰਡ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਬੰਦ ਕਰਨ ਲਈ ਟੂਲ ਬਰਾਮਦ ਕੀਤੇ ਗਏ ਹਨ |