ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਸੰਸਦੀ ਕਮੇਟੀ ਦੀ ਬੈਠਕ 'ਚ ਚੀਨ ਤੇ ਪਾਕਿਸਤਾਨ ਵਿਚਾਲੇ ਵਧਦੇ ਫ਼ੌਜੀ ਗਠਜੋੜ ਖਾਸ ਕਰਕੇ ਹਾਲ ਹੀ 'ਚ 'ਆਪ੍ਰੇਸ਼ਨ ਸੰਧੂਰ' ਦੌਰਾਨ ਦਿਸੀ ਉਨ੍ਹਾਂ ਦੀ ਸਾਂਝੇਦਾਰੀ 'ਤੇ ਗੰਭੀਰ ਚਰਚਾ ਕੀਤੀ | ਕਮੇਟੀ ਦੇ ਮੈਂਬਰਾਂ ਨੇ ਇਸ 'ਤੇ ਚਿੰਤਾ ਜਤਾਈ ਅਤੇ ਭਾਰਤ ਦੀਆਂ ਫ਼ੌਜੀ ਤਿਆਰੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਜਾਣਕਾਰੀ ਮੰਗੀ | ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ 'ਚ ਹੋਈ ਵਿਦੇਸ਼ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਮੀਟਿੰਗ ਦਾ ਏਜੰਡਾ 'ਭਾਰਤ ਦੀ ਹਿੰਦ ਮਹਾਂਸਾਗਰ ਰਣਨੀਤੀ ਦਾ ਮੁਲਾਂਕਣ' ਸੀ | ਬੈਠਕ 'ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ, ਵਿਦੇਸ਼ ਮੰਤਰਾਲੇ ਦੇ ਸਕੱਤਰ (ਪੂਰਬੀ) ਅਤੇ ਜਲ ਸੈਨਾ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ | ਕਮੇਟੀ ਦੇ ਕੁਝ ਮੈਂਬਰਾਂ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਪਾਕਿਸਤਾਨ ਤੇ ਚੀਨ ਵਿਚਾਲੇ ਫ਼ੌਜੀ ਸਾਂਝੇਦਾਰੀ ਨੂੰ ਲੈ ਕੇ ਚਿੰਤਾ ਜਤਾਈ ਗਈ | ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਦੀਆਂ ਚੀਨ ਪ੍ਰਤੀ ਵਧਦੀਆਂ ਨਜ਼ਦੀਕੀਆਂ ਭਾਰਤ ਲਈ ਇਕ ਹੋਰ ਕੂਟਨੀਤਕ ਚੁਣੌਤੀ ਬਣ ਸਕਦੀ ਹੈ | ਰੱਖਿਆ ਸਕੱਤਰ ਨੇ ਕਮੇਟੀ ਨੂੰ ਦੱਸਿਆ ਕਿ ਭਾਰਤੀ ਜਲ ਸੈਨਾ ਦੀ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਅਤੇ ਉਸ ਨੂੰ ਆਧੁਨਿਕ ਉਪਕਰਨਾਂ ਤੇ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਲ ਸੈਨਾ ਦੇਸ਼ ਦੇ ਆਰਥਿਕ ਹਿੱਤਾਂ ਦੀ ਰੱਖਿਆ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ |
ਸੰਸਦੀ ਕਮੇਟੀ ਦੀ ਮੀਟਿੰਗ 'ਚ ਚੀਨ-ਪਾਕਿ ਫ਼ੌਜੀ ਗੱਠਜੋੜ ਤੇ ਭਾਰਤ ਦੀਆਂ ਤਿਆਰੀਆਂ 'ਤੇ ਚਰਚਾ <br/>
ਅਜੀਤ ਡੈਸਕ
18-06-2025