ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਸਿਹਤਮੰਦ ਸਮਾਜ ਸਿਰਜਣ ਅਤੇ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਨੂੰ ਕੁਦਰਤੀ ਖੇਤੀ ਅਭਿਆਸਾਂ ਵੱਲ ਮੁੜ ਪਰਤਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ਵਿਚ ਰਸਾਇਣਕ ਕੀਟਨਾਸ਼ਕਾਂ ਅਤੇ ਖਾਦਾਂ ਨੂੰ ਬਿਨਾਂ ਵਰਤਿਆਂ ਫ਼ਸਲਾਂ ਦੇ ਵਾਧੇ ਅਤੇ ਪੌਸ਼ਟਿਕ ਭੋਜਨ ਪੈਦਾ ਕਰਨ ਲਈ ਖੇਤਾਂ ਵਿਚ ਗੰਡੋਏ ਅਤੇ ਡੱਡੂ ਹੀ ਕੁਦਰਤੀ ਖਾਦ ਵਜੋਂ ਕੰਮ ਕਰਦੇ ਸਨ | ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ (ਐਫ.ਡੀ.ਏ.) ਪੰਜਾਬ ਵਲੋਂ 'ਵਿਸ਼ਵ ਫੂਡ ਸੇਫ਼ਟੀ ਡੇ-2025' ਮਨਾਉਣ ਲਈ ਇਸ ਸਾਲ ਦੇ ਗਲੋਬਲ ਥੀਮ 'ਫ਼ੂਡ ਸੇਫਟੀ: ਸਾਇੰਸ ਇਨ ਐਕਸ਼ਨ' ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਸਾਇਣ-ਮੁਕਤ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਲਈ ਉਹ ਖੁਦ ਆਪਣੇ ਘਰ ਵਿਚ ਬਾਗ਼ਬਾਨੀ ਕਰਦੇ ਹਨ | ਉਨ੍ਹਾਂ ਗੰਦਗੀ ਅਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਫ਼-ਸੁਥਰਾ ਖਾਣਾ ਪਕਾਉਣ ਅਤੇ ਪੌਸ਼ਟਿਕ ਭੋਜਨ ਤਿਆਰ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ (ਐਫ.ਡੀ.ਏ.) ਦੀ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦੇ ਹੋਏ ਮੰਤਰੀ ਨੇ ਅਧਿਕਾਰੀਆਂ ਨੂੰ ਲੈਬਜ਼ ਅਪਗ੍ਰੇਡ ਕਰਨ ਅਤੇ ਮਿਲਾਵਟਖੋਰੀ ਵਿਰੁੱਧ ਸਖ਼ਤ ਕਵਾਇਦਾਂ ਨੂੰ ਯਕੀਨੀ ਬਣਾ ਕੇ ਫੂਡ ਸੇਫਟੀ ਵਿਧੀਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ | ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਪੂਨਮ ਖੰਨਾ ਨੇ ਪੰਜਾਬ ਵਿਚ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਪੋਸ਼ਣ ਸਥਿਤੀ ਬਾਰੇ ਅੰਕੜੇ ਪੇਸ਼ ਕੀਤੇ, ਜਦੋਂ ਕਿ ਸਿਹਤ ਸੇਵਾਵਾਂ ਡਾਇਰੈਕਟੋਰੇਟ, ਪੰਜਾਬ ਤੋਂ ਡਾ. ਨਿਹਾਰਿਕਾ ਨੇ ਸੂਬੇ ਵਿਚ ਪੋਸ਼ਣ ਰਹਿਤ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਸਾਰ ਅਤੇ ਪ੍ਰਬੰਧਨ ਬਾਰੇ ਵਿਚਾਰ ਚਰਚਾ ਕੀਤੀ | ਗਡਵਾਸੂ ਦੇ ਸਹਾਇਕ ਪ੍ਰੋਫੈਸਰ ਡਾ. ਮਨਵੇਸ਼ ਨੇ ਦੁੱਧ ਅਤੇ ਦੁੱਧ ਉਤਪਾਦਾਂ ਵਿਚ ਮਿਲਾਵਟਖੋਰੀ ਸਬੰਧੀ ਚਿੰਤਾਵਾਂ ਤੋਂ ਜਾਣੂ ਕਰਵਾਇਆ | ਸਮਾਗਮ ਵਿਚ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਬਾਲ ਮੁਕੰਦ ਸ਼ਰਮਾ, ਜੁਆਇੰਟ ਕਮਿਸ਼ਨਰ ਫੂਡ ਸੇਫਟੀ ਡਾ. ਅਮਿਤ ਜੋਸ਼ੀ ਅਤੇ ਡਾਇਰੈਕਟਰ ਲੈਬਜ਼ ਫੂਡ ਸੇਫਟੀ ਪੰਜਾਬ ਰਵਨੀਤ ਕੌਰ ਸਮੇਤ ਹੋਰ ਪਤਵੰਤੇ ਸ਼ਾਮਿਲ ਹੋਏ |