ਖੇਮਕਰਨ/ਅਮਰਕੋਟ (ਤਰਨ ਤਾਰਨ), 19 ਜੂਨ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਸਰਹੱਦੀ ਇਲਾਕੇ 'ਚ ਪੈਂਦੇ ਪਿੰਡ ਵਲਟੋਹਾ ਦੇ ਨਜ਼ਦੀਕ ਸਥਿਤ ਪਿੰਡ ਰਾਮ ਖਾਰਾ ਵਾਸੀ ਇਕ ਨੌਜਵਾਨ ਲੜਕੇ ਅਰਸ਼ਪ੍ਰੀਤ ਸਿੰਘ ਖਾਹਰਾ ਦੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਵੀਰਵਾਰ ਨੂੰ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਮੌਕੇ 'ਤੇ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਇਲਾਕੇ 'ਚ ਸੋਗ ਲਹਿਰ ਦੌੜ ਗਈ ਹੈ | ਇਸ ਘਟਨਾ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ ਨਜ਼ਦੀਕੀ ਵੱਡੇ ਪਿੰਡ ਵਲਟੋਹਾ 'ਚ ਸਥਿਤ ਖਾਹਰਾ ਹਸਪਤਾਲ ਦੇ ਮਾਲਕ ਡਾ. ਪਰਵਿੰਦਰ ਸਿੰਘ ਖਾਹਰਾ ਦੇ ਛੋਟੇ ਭਰਾ ਮਾ. ਨਿਰਮਲ ਸਿੰਘ ਦਾ ਲੜਕਾ ਅਰਸ਼ਪ੍ਰੀਤ ਸਿੰਘ ਖਾਹਰਾ (23) ਕੁਝ ਸਮਾਂ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ 'ਚ ਗਿਆ ਸੀ, ਜਿੱਥੇ ਉਹ ਪਰਥ ਸ਼ਹਿਰ ਵਿਚ ਰਹਿਣ ਦੌਰਾਨ ਕੈਂਟਰ ਚਲਾਉਂਦਾ ਸੀ | ਪਤਾ ਲੱਗਾ ਕਿ ਅੱਜ ਸਵੇਰੇ ਉਕਤ ਲੜਕਾ ਕੈਂਟਰ ਲੈ ਕੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਸੜਕ ਦੇ ਪਾਸੇ ਜਾ ਕੇ ਕੈਂਟਰ ਪਲਟ ਗਿਆ ਤੇ ਕੈਂਟਰ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ 'ਚ ਆਉਣ ਕਰਕੇ ਉਕਤ ਲੜਕਾ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਜਾਣ ਬਾਰੇ ਪਤਾ ਲੱਗਾ ਹੈ |
ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿਚ ਸੜਕ ਹਾਦਸੇ 'ਚ ਮੌਤ
ਅਜੀਤ ਡੈਸਕ
20-06-2025