ਤਲਾਸ਼ੀ ਤੋਂ ਬਾਅਦ ਕੰਡਿਆਲੀ ਤਾਰ ਤੋਂ ਪਾਰ ਪੀਰ ਦੀ ਸਮਾਧ 'ਤੇ ਹਜ਼ਾਰਾਂ ਸ਼ਰਧਾਲੂਆਂ ਨੇ ਟੇਕਿਆ ਮੱਥਾ
<br/>
ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਪਿੰਡ ਗੁਲਾਬਾ ਭੈਣੀ 'ਚ ਪੀਰ ਬਾਬਾ ਬੁਰਜੀ ਵਾਲਾ ਦੀ ਸਮਾਧ 'ਤੇ ਸਾਲਾਨਾ ਮੇਲਾ ਲਗਾਇਆ | ਮੇਲੇ ਦੇ ਮੱਦੇਨਜ਼ਰ ਬੀ.ਐਸ.ਐਫ.ਵਲ਼ੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ | ਬੰਦੂਕਾਂ ਦੀ ਸਾਏ ਹੇਠ ਹਜ਼ਾਰਾਂ ਸ਼ਰਧਾਲੂਆਂ ਨੇ ਸਮਾਧ 'ਤੇ ਮੱਥਾ ਟੇਕਿਆ | ਹਾਲਾਂਕਿ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਆਈ ਖਟਾਸ ਦੇ ਕਾਰਨ ਇਸ ਵਾਰ ਪਾਕਿਸਤਾਨ ਦੇ ਸ਼ਰਧਾਲੂ ਸਮਾਧ ਤੱਕ ਨਹੀਂ ਪੁੱਜੇ | ਦੱਸਿਆ ਜਾ ਰਿਹਾ ਹੈ ਕਿ ਪਾਕਿ ਰੇਂਜਰਾਂ ਨੇ ਪਾਕਿਸਤਾਨ ਨਾਗਰਿਕਾਂ ਨੂੰ ਸਮਾਧ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ | ਪੀਰ ਬਾਬਾ ਬੁਰਜੀ ਵਾਲਾ ਦੀ ਸਮਾਧ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ 'ਤੇ ਸਥਿਤ ਹੈ | ਜਿਸ ਦੇ ਚੱਲਦਿਆਂ ਮੱਥਾ ਟੇਕਣ ਆਏ ਸ਼ਰਧਾਲੂਆਂ ਦੀ ਪੂਰੀ ਜਾਂਚ ਪੜਤਾਲ ਅਤੇ ਤਲਾਸ਼ੀ ਲੈਣ ਤੋਂ ਬਾਅਦ ਉਨ੍ਹਾਂ ਨੂੰ ਸਮਾਧ ਤੱਕ ਭੇਜਿਆ ਗਿਆ | ਇਸ ਮੇਲੇ ਦੀ ਸ਼ੁਰੂਆਤ ਬੀ.ਐਸ.ਐਫ.ਦੀ 19ਵੀਂ ਬਟਾਲੀਅਨ ਦੇ ਅਧਿਕਾਰੀਆਂ ਨੇ ਸਮਾਧ 'ਤੇ ਚਾਦਰ ਚੜ੍ਹਾ ਕੇ ਕੀਤੀ | ਸਥਾਨਕ ਲੋਕਾਂ ਮੁਤਾਬਿਕ ਇਹ ਸਮਾਧ ਭਾਰਤ ਦੀ ਵੰਡ ਤੋਂ ਪਹਿਲਾ ਦੀ ਮੌਜੂਦ ਹੈ | ਜਿੱਥੇ ਵੱਡੀ ਗਿਣਤੀ ਵਿਚ ਲੋਕ ਇਸ ਮੇਲੇ ਨੂੰ ਮਨਾਉਂਦੇ ਸਨ | ਬੀ.ਐਸ.ਐਫ.ਦੀ 19 ਬਟਾਲੀਅਨ ਦੇ ਅਧਿਕਾਰੀ ਗੰੁਜਨ ਕੁਮਾਰ ਸ਼ਾਹ ਨੇ ਕਿਹਾ ਕਿ ਮੇਲੇ ਦੇ ਮੱਦੇਨਜ਼ਰ ਸਰਹੱਦ 'ਤੇ ਸਖ਼ਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ | ਆਧੁਨਿਕ ਯੰਤਰਾਂ ਦਾ ਪ੍ਰਯੋਗ ਵੀ ਸੁਰੱਖਿਆ ਲਈ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਮਜ਼ਾਰ ਦੀ ਭੂਗੋਲਿਕ ਸਥਿਤੀ ਤਿ੍ਕੋਣੀ ਹੈ | ਜਿਸ ਦੇ ਆਲ਼ੇ ਦੁਆਲੇ ਪਾਕਿਸਤਾਨ ਲੱਗਦਾ ਹੈ | ਜਿਸ ਕਰਕੇ ਸੁਰੱਖਿਆ ਸਖ਼ਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਸਮਾਧ 'ਤੇ ਵੱਡੀ ਆਸਥਾ ਹੈ | ਜਿਸ ਦੇ ਚੱਲਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਦੇਖਦਿਆਂ ਇਸ ਵਾਰ ਪਾਕਿਸਤਾਨ ਵਾਲੇ ਪਾਸੇ ਤੋਂ ਕੋਈ ਵੀ ਸਰਹੱਦ ਦੇ ਨੇੜੇ ਦਿਖਾਈ ਨਹੀਂ ਦਿੱਤਾ | ਇਸ ਦੌਰਾਨ ਪੁਰਾਣੇ ਵਿਰਸੇ ਦੀ ਝਲਕ ਪੇਸ਼ ਕਰਦੇ ਪੱਥਰ ਵਾਲੇ ਰਕਾਟ ਵੱਜਦੇ ਦੇਖੇ ਗਏ | ਉੱਥੇ ਹੀ ਬੱਚਿਆਂ ਲਈ ਝੂਲਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ |