32 ਅਸਾਮੀਆਂ 'ਚੋਂ 27 ਖਾਲੀ ਸਿਰਫ਼ 5 'ਤੇ ਹਨ ਪੱਕੇ ਕਰਮਚਾਰੀ
<br/>
ਗੁਰਵਿੰਦਰ ਸਿੰਘ ਔਲਖ
ਪਟਿਆਲਾ, 19 ਜੂਨ-ਉੱਤਰੀ ਭਾਰਤ ਦੀਆਂ ਨਾਮਵਰ ਸੰਸਥਾਵਾਂ 'ਚ ਸ਼ੁਮਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਪਿਛਲੇ ਕਈ ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਦੀ ਰਹਿਮ ਦੀ ਉਡੀਕ 'ਚ ਆਪਣੀ ਹੋਂਦ ਬਚਾਉਣ ਲਈ ਜੱਦੋ ਜਹਿਦ ਕਰ ਰਹੀ ਹੈ | ਸਾਲ 1955 'ਚ ਪੈਪਸੂ ਰਾਜ ਦੇ ਮੁਖ ਮੰਤਰੀ ਬਿ੍ਸ਼ ਭਾਨ ਵਲੋਂ ਇਸ ਸੰਸਥਾ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਅੱਜ ਵੀ ਲਾਇਬ੍ਰੇਰੀ ਦੇ 21 ਹਜ਼ਾਰ 700 ਤੋਂ ਵੱਧ ਮੈਂਬਰ ਹਨ ਜਦੋਂਕਿ ਬਾਲ ਭਾਗ ਦੇ ਵੀ 4 ਹਜ਼ਾਰ ਤੋਂ ਜ਼ਿਆਦਾ ਮੈਂਬਰ ਹਨ ਪਰ ਬਿਨਾਂ ਰੈਗੂਲਰ ਅਮਲੇ ਤੋਂ ਵੱਖ-ਵੱਖ ਅਹੁਦਿਆਂ 'ਤੇ ਵਾਧੂ ਚਾਰਜ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਸੈਂਟਰਲ ਸਟੇਟ ਲਾਇਬ੍ਰੇਰੀ 'ਚ 30 ਹਜ਼ਾਰ ਦੇ ਕਰੀਬ ਹੱਥ ਲਿਖਤਾਂ ਅਤੇ ਬਹੁਤ ਸਾਰੀਆਂ ਅਹਿਮ ਕਿਤਾਬਾਂ ਅਤੇ ਹੋਰ ਦਸਤਾਵੇਜ਼ ਪਏ ਹਨ ਜਿਨ੍ਹਾਂ ਦਾ ਰੋਜ਼ਾਨਾ ਵੱਡੀ ਗਿਣਤੀ ਪਾਠਕਾਂ ਵਲੋਂ ਲਾਭ ਵੀ ਲਿਆ ਜਾ ਰਿਹਾ ਪਰ ਇਸ ਦੇ ਬਾਵਜੂਦ ਸਮਿਆਂ ਦੀ ਸਰਕਾਰਾਂ ਵਲੋਂ ਇਸ ਅਹਿਮ ਸੰਸਥਾ ਨੂੰ ਸਾਂਭਣ ਲਈ ਉਪਰਾਲੇ ਨਹੀਂ ਕੀਤੇ ਗਏ | ਹੈਰਾਨਗੀ ਦੀ ਗੱਲ ਤਾਂ ਇਹ ਹੈ ਰਾਜ ਪੱਧਰੀ ਲਾਇਬੇ੍ਰਰੀ 'ਚ 32 ਅਸਾਮੀਆਂ ਪ੍ਰਵਾਨਿਤ ਹਨ ਜਿਨ੍ਹਾਂ 'ਚੋਂ ਅੱਜ ਇਕ ਕਲਰਕ ਅਤੇ ਦਰਜਾ ਚਾਰ 'ਚ ਸਿਰਫ਼ ਚਾਰ ਅਸਾਮੀਆਂ 'ਤੇ ਹੀ ਪੱਕੇ ਤੌਰ 'ਤੇ ਮੁਲਾਜ਼ਮ ਬਾਕੀ ਬਚੇ ਹਨ ਜਿਨ੍ਹਾਂ 'ਚ ਇਕ ਚੌਕੀਦਾਰ ਇਕ ਮਾਲੀ, ਅਤੇ ਦੋ ਸਫ਼ਾਈ ਸੇਵਕ ਮੌਜੂਦਾ ਸਮੇਂ 'ਚ ਪੱਕੇ ਤੌਰ 'ਤੇ ਸੇਵਾ ਨਿਭਾ ਰਹੇ ਹਨ | ਇੱਥੋਂ ਤੱਕ ਕਿ ਸੂਬਾ ਪੱਧਰੀ ਇਸ ਲਾਇਬ੍ਰੇਰੀ 'ਚ ਮੋਹਾਲੀ ਦੇ ਲਾਇਬ੍ਰੇਰੀਅਨ ਨੂੰ ਚੀਫ਼ ਲਾਇਬ੍ਰੇਰੀਅਨ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ | ਇਸੇ ਤਰ੍ਹਾਂ ਹੀ ਲਾਇਬ੍ਰੇਰੀ 'ਚ 7 ਲਾਇਬ੍ਰੇਰੀਅਨ ਦੀਆਂ ਅਸਾਮੀਆਂ ਜੋ ਕਿ ਖਾਲੀ ਹਨ ਜਿਨ੍ਹਾਂ ਉਪਰ ਵੀ ਵੱਖ-ਵੱਖ ਕਾਲਜਾਂ ਤੋਂ ਲਾਇਬ੍ਰੇਰੀਅਨ ਦੀ ਤਿੰਨ-ਤਿੰਨ ਦਿਨ ਡਿਊਟੀ ਲਗਾਈ ਹੋਈ | ਇਥੇ ਹੀ ਬੱਸ ਨਹੀਂ ਰਾਜ ਪੱਧਰੀ ਲਾਇਬ੍ਰੇਰੀ ਤੋਂ ਬਿਨਾਂ 14 ਜ਼ਿਲ੍ਹਾ ਲਾਇਬ੍ਰੇਰੀਆਂ 'ਚ ਕੁਲ 21 ਅਸਾਮੀਆਂ ਲਾਇਬ੍ਰੇਰੀਅਨ ਦੀਆਂ ਹਨ ਜਿਨ੍ਹਾਂ ਵਿਚੋਂ ਸਿਰਫ਼ 2 ਲਾਇਬ੍ਰੇਰੀਆਂ 'ਚ ਰੈਗੂਲਰ ਲਾਇਬ੍ਰੇਰੀਅਨ ਤੈਨਾਤ ਹਨ | ਦੂਜੇ ਪਾਸੇ ਲਾਇਬ੍ਰੇਰੀ ਰੀਸਟੋਰਰ ਦੀ ਅਸਾਮੀ ਵੀ ਅਹਿਮ ਹੁੰਦੀ ਹੈ ਜਿਨ੍ਹਾਂ ਦੀਆਂ ਕੁਲ ਅਸਾਮੀਆਂ 22 ਹਨ ਪਰ ਕੇਵਲ ਰੋਪੜ ਅਤੇ ਕਪੂਰਥਲਾ 'ਚ ਪੱਕੇ ਤੌਰ 'ਤੇ ਰੀਸਟੋਰਰ ਸੇਵਾ ਨਿਭਾਅ ਰਹੇ ਹਨ ਅਤੇ ਬਾਕੀਆਂ ਅਸਾਮੀਆਂ ਖਾਲੀ ਪਈਆਂ ਹਨ | ਸੈਂਟਰਲ ਸਟੇਟ ਲਾਇਬ੍ਰੇਰੀ 'ਚ ਵੀ ਰੀਸਟੋਰਰ ਦੀਆਂ ਪੰਜੇ ਅਸਾਮੀਆਂ ਖਾਲੀ ਹਨ | ਇਸ ਸੰਬੰਧੀ ਪੰਜਾਬ ਕਾਲਜ ਲਾਇਬ੍ਰੇਰੀ ਐਸੋਸੀਏਸ਼ਨ ਦੇ ਪ੍ਰਧਾਨ ਬੀ.ਐਸ. ਧੀਮਾਨ ਨੇ ਆਖਿਆ ਕਿ ਸਰਕਾਰਾਂ ਵਲੋਂ ਲਾਇਬ੍ਰੇਰੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੰਜਾਬ 'ਚ ਲਾਇਬ੍ਰੇਰੀ ਸਭਿਆਚਾਰ ਪੈਦਾ ਨਹੀਂ ਹੋ ਸਕਿਆ | ਉਨ੍ਹਾਂ ਮੰਗ ਕੀਤੀ ਕਿ ਲਾਇਬ੍ਰੇਰੀਆਂ ਨੂੰ ਬਚਾਉਣ ਲਈ ਸਰਕਾਰ ਨੂੰ ਹੰਭਲਾ ਮਾਰਨਾ ਚਾਹੀਦਾ ਹੈ |