ਫੜਨਵੀਸ ਸਰਕਾਰ ਸਿੱਖ ਭਾਈਚਾਰੇ ਅਤੇ ਘੱਟ ਗਿਣਤੀਆਂ ਦੇ ਕਲਿਆਣ ਲਈ ਵਚਨਬੱਧ-ਜਸਪਾਲ ਸਿੰਘ ਸਿੱਧੂ
<br/>
ਮੁੰਬਈ, 19 ਜੂਨ (ਅਜੀਤ ਬਿਊਰੋ)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਮਹਾਰਾਸ਼ਟਰ ਸਰਕਾਰ ਸਿੱਖ ਭਾਈਚਾਰੇ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ | ਇਹ ਪਹਿਲਾ ਮੌਕਾ ਹੈ ਜਦੋਂ ਰਾਜ ਘੱਟ ਗਿਣਤੀ ਵਿਕਾਸ ਵਿਭਾਗ ਨੇ ਸਰਕਾਰ ਦੁਆਰਾ ਖਾਸ ਤੌਰ 'ਤੇ ਸਿੱਖ ਭਾਈਚਾਰੇ ਅਤੇ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਘੱਟ ਗਿਣਤੀ ਭਲਾਈ ਯੋਜਨਾਵਾਂ 'ਤੇ ਵਰਕਸ਼ਾਪ ਕਰਵਾ ਕੇ ਇਕ ਇਤਿਹਾਸਕ ਕਦਮ ਚੁੱਕਿਆ ਹੈ | ਇਹ ਵਰਕਸ਼ਾਪ ਘੱਟ ਗਿਣਤੀ ਵਿਕਾਸ ਵਿਭਾਗ ਦੁਆਰਾ ਮਹਾਰਾਸ਼ਟਰ ਪੰਜਾਬੀ ਸਾਹਿਤ ਅਕੈਡਮੀ, ਰਾਜ ਘੱਟ ਗਿਣਤੀ ਕਮਿਸ਼ਨ ਅਤੇ 11 ਮੈਂਬਰੀ ਸਿੱਖ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਸਰਕਾਰੀ ਸਹਿਯਾਦਰੀ ਗੈਸਟ ਹਾਊਸ, ਮੁੰਬਈ ਵਿਖੇ ਕਰਵਾਈ ਗਈ | ਵਰਕਸ਼ਾਪ ਦੀ ਪ੍ਰਧਾਨਗੀ ਰਾਜ ਦੇ ਮੁੱਖ ਸਕੱਤਰ ਸ੍ਰੀ ਰੁਚਿਸ਼ ਜੈਵੰਸ਼ੀ ਨੇ ਕੀਤੀ ਅਤੇ ਇਸ ਵਿਚ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਮਹਾਰਾਸ਼ਟਰ ਪੰਜਾਬੀ ਸਾਹਿਤ ਅਕੈਡਮੀ ਦੇ ਕਾਰਜਕਾਰੀ ਚੇਅਰਮੈਨ ਬਲ ਮਲਕੀਤ ਸਿੰਘ, ਮਹਾਰਾਸ਼ਟਰ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ ਤੋਂ ਇਲਾਵਾ ਨਾਸਿਕ, ਨਾਗਪੁਰ, ਪੁਣੇ, ਨਾਂਦੇੜ, ਹਿੰਗੋਲੀ, ਮੁੰਬਈ, ਐਮਐਮਆਰ ਅਤੇ ਨਵੀਂ ਮੁੰਬਈ ਦੇ ਪਤਵੰਤੇ ਸ਼ਾਮਿਲ ਹੋਏ | ਵਰਕਸ਼ਾਪ ਬਹੁਤ ਉਪਯੋਗੀ ਅਤੇ ਜਾਣਕਾਰੀ ਭਰਪੂਰ ਸੀ, ਜਿਸ ਰਾਹੀਂ ਭਾਈਚਾਰੇ ਦੇ ਮੈਂਬਰਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ, ਜੋ ਭਵਿੱਖ ਵਿੱਚ ਉਨ੍ਹਾਂ ਲਈ ਮਦਦਗਾਰ ਸਾਬਤ ਹੋਣਗੀਆਂ | ਚੇਅਰਮੈਨ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਮਹਾਰਾਸ਼ਟਰ ਦੀ ਦੇਵੇਂਦਰ ਫੜਨਵੀਸ ਸਰਕਾਰ ਸਿੱਖ ਭਾਈਚਾਰੇ ਅਤੇ ਘੱਟ ਗਿਣਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ |