ਫਗਵਾੜਾ (ਕਪੂਰਥਲਾ), 19 ਜੂਨ (ਹਰਜੋਤ ਸਿੰਘ ਚਾਨਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਤੇ ਜਾਅਲੀ ਵੀਜ਼ਾ ਲਗਵਾ ਕੇ ਦੇਣ ਤੋਂ ਪ੍ਰੇਸ਼ਾਨ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ | ਜਿਸ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਪਿ੍ੰਸ (23) ਵਾਸੀ ਭੋਗਪੁਰ ਹਾਲ ਵਾਸੀ ਏ.ਜੀ.ਆਈ ਫ਼ਲੈਟ ਖਜ਼ੂਰਲਾ ਵਜੋਂ ਹੋਈ ਹੈ | ਪੁਲਿਸ ਨੇ ਇਸ ਸੰਬੰਧ 'ਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਮਿ੍ਤਕ ਦੀ ਮਾਤਾ ਕੁਲਦੀਪ ਕੌਰ ਪਤਨੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਆਪਣੇ ਪੁੱਤਰ ਤੇ ਖ਼ੁਦ ਕੈਨੇਡਾ ਜਾਣ ਲਈ ਏਜੰਟ ਨੂੰ ਕੁੱਲ 21 ਲੱਖ ਰੁਪਏ ਦੀ ਰਾਸ਼ੀ ਦਿੱਤੀ ਸੀ ਪਰ ਉਕਤ ਵਿਅਕਤੀਆਂ ਵਲੋਂ ਕੈਨੇਡਾ ਦਾ ਜਾਅਲੀ ਵੀਜ਼ਾ ਲੱਗਾ ਕੇ ਸਾਨੂੰ ਪਾਸਪੋਰਟ ਦੇ ਦਿੱਤੇ ਤੇ ਸਾਡੀ ਇਕ ਗੱਡੀ ਤੇ ਮਕਾਨ ਵੀ ਆਪਣੇ ਨਾਮ ਲਗਵਾ ਲਿਆ ਤੇ ਸਾਡੇ ਲੜਕੇ ਨੂੰ ਅੰਮਿ੍ਤਸਰ ਤੋਂ ਮੁੰਬਈ ਫ਼ਲਾਈਟ 'ਚ ਲੈ ਗਏ ਤੇ ਉੱਥੋਂ ਧੱਕੇ ਖਾ ਕੇ ਉਹ ਵਾਪਸ ਆ ਗਿਆ | ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸਦਾ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ | ਜਿਸ ਤੋਂ ਬਾਅਦ ਦੁਖੀ ਹੋ ਕੇ ਜਸਵਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਖਾ ਲਈ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ | ਪੁਲਿਸ ਨੇ ਇਸ ਸੰਬੰਧ 'ਚ ਸੁਰਜੀਤ ਸਿੰਘ ਭੱਟੀ ਪੁੱਤਰ ਹਰਭਜਨ ਲਾਲ ਵਾਸੀ ਪਿੰਡ ਲਾਹਦੜਾ, ਜੱਸੀ ਵਾਸੀ ਕਰਮ ਸਿੰਘ ਕਲੋਨੀ ਭੋਗਪੁਰ, ਸੁਮਿਤ ਵਧਵਾ ਪੁੱਤਰ ਰਾਮ ਕਿਸ਼ਨ ਵਾਸੀ ਸੁਦਰਸ਼ਨ ਪਾਰਕ ਮਕਸੂਦਾ ਤੇ ਰਕੇਸ਼ ਮੱਟੂ ਪੁੱਤਰ ਸਤਪਾਲ ਵਾਸੀ ਪਿੰਡ ਜੰਡੀਹਰ ਥਾਣਾ ਭੋਗਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਮਿ੍ਤਕ ਨੌਜਵਾਨ ਜੋ ਦਸਵੀਂ ਪਾਸ ਸੀ ਤੇ ਇਸ ਦਾ ਪਿਤਾ ਇੰਗਲੈਂਡ 'ਚ ਰਹਿ ਰਿਹਾ ਹੈ ਤੇ ਮਾਤਾ ਘਰੇਲੂ ਔਰਤ ਹੈ |
ਏਜੰਟ ਵਲੋਂ ਜਾਅਲੀ ਵੀਜ਼ਾ ਲਗਵਾ ਕੇ ਠੱਗੀ ਮਾਰਨ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ <br/>
ਅਜੀਤ ਡੈਸਕ
20-06-2025