ਅੰਮਿ੍ਤਸਰ, 20 ਜੂਨ (ਰੇਸ਼ਮ ਸਿੰਘ)-ਦਿਹਾਤੀ ਖੇਤਰ ਦੇ ਥਾਣਾ ਲੋਪੋਕੇ ਦੀ ਪੁਲਿਸ ਵਲੋਂ 30 ਲੱਖ ਦੀ ਫਿਰੌਤੀ ਲਈ ਇਕ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕੌਮਾਂਤਰੀ ਕਬੱਡੀ ਖਿਡਾਰੀ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਪਾਸੋਂ ਪੁਲਿਸ ਨੇ 30 ਬੋਰ ਦਾ ਇਕ ਪਿਸਤੌਲ ਸਮੇਤ 2 ਮੈਗਜ਼ੀਨ ਤੇ ਕਾਰ ਵੀ ਬਰਾਮਦ ਕੀਤੀ ਹੈ | ਇਹ ਪ੍ਰਗਟਾਵਾ ਅੱਜ ਐੱਸ. ਐੱਸ. ਪੀ. ਮਨਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਗੁਰਲਾਲ ਸਿੰਘ ਵਾਸੀ ਪਿੰਡ ਸੋਹਲ ਠੱਠੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਬੀਤੇ 5 ਜੂਨ ਨੂੰ ਡਾ. ਯੁਵਰਾਜ ਨੰਦਾ ਵਾਸੀ ਭੀਲੋਵਾਲ ਪੱਕਾ ਨੇ ਥਾਣਾ ਲੋਪੋਕੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦੇ ਘਰ ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਿਰੌਤੀ ਲਈ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ | ਇਸ ਸੰਬੰਧੀ ਪਰਚਾ ਦਰਜ ਕਰਕੇ ਕੀਤੀ ਤਫਤੀਸ਼ 'ਚ ਉਕਤ ਗੁਰਲਾਲ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤਾ ਮੁਲਜ਼ਮ ਇਕ ਨਾਮੀ ਖਿਡਾਰੀ ਹੈ ਅਤੇ ਉਸਨੇ ਦੱਸਿਆ ਕਿ ਇਸ ਵਾਰਦਾਤ ਵਿਚ ਉਸ ਨਾਲ 6 ਹੋਰ ਵਿਅਕਤੀ ਸ਼ਾਮਿਲ ਹਨ | ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਗਿ੍ਫਤਾਰ ਕਰ ਲਿਆ ਜਾਵੇਗਾ |