ਅੰਮਿ੍ਤਸਰ, 20 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਨੇ ਜੂਨ '84 ਦੇ ਦੁਖਦਾਈ ਘੱਲੂਘਾਰੇ ਨੂੰ ਯਾਦ ਕਰਦਿਆਂ ਸੰਸਾਰ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਨੂੰ ਇੱਕਜੁਟ ਹੋ ਕੇ ਸਮੁੱਚੀ ਮਨੁੱਖਤਾ ਦੇ ਸਰਬ ਸਾਂਝੇ ਧਾਰਮਿਕ ਅਸਥਾਨਾਂ ਵਾਲੇ ਸ਼ਹਿਰਾਂ ਗੁਰੂ ਨਗਰੀ ਅੰਮਿ੍ਤਸਰ ਅਤੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਨੂੰ ਕੌਮਾਂਤਰੀ ਪੱਧਰ 'ਤੇ 'ਅਮਨ-ਖੇਤਰ' ਐਲਾਨੇ ਜਾਣ ਅਤੇ 'ਸਿੱਖ ਵੈਟੀਕਨ' ਵਜੋਂ ਕੌਮਾਂਤਰੀ ਸੁਰੱਖਿਆ ਦਰਜਾ ਦਿਵਾਉਣ ਲਈ ਉੱਦਮ ਕਰਨ ਦੀ ਅਪੀਲ ਕੀਤੀ ਹੈ | ਬੀਬੀ ਸਤਵੰਤ ਕੌਰ, ਜੋ ਕਿ ਸ਼ੋ੍ਰਮਣੀ ਕਮੇਟੀ ਦੇ ਸਿੱਖਿਆ ਵਿਭਾਗ ਵਿਚ ਡਿਪਟੀ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ, ਨੇ ਜਾਰੀ ਬਿਆਨ ਵਿਚ ਕਿਹਾ ਕਿ ਅਜੋਕੇ ਸੰਕਟ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ ਇੱਕੋ ਇੱਕ ਉਮੀਦ ਹਨ, ਜਦੋਂ ਕਿ ਸਾਰੀਆਂ ਪ੍ਰਮੁੱਖ ਵਿਸ਼ਵ ਤਾਕਤਾਂ ਸੈਨਿਕ 'ਵਿਨਾਸ਼ਕਾਰੀ ਯੁੱਧ ਦਾ ਰਾਗ' ਅਲਾਪ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਿੰਦ-ਪਾਕਿ ਜੰਗ ਵਰਗੇ ਹਾਲਾਤ ਦੌਰਾਨ ਅੰਮਿ੍ਤਸਰ ਅਤੇ ਨਨਕਾਣਾ ਸਾਹਿਬ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੇ ਬਿਆਨ ਨਸ਼ਰ ਹੋਣ ਮਗਰੋਂ, ਸਿੱਖ ਧਰਮ ਦੇ ਇਨ੍ਹਾਂ ਮੁਢਲੇ ਅਸਥਾਨਾਂ ਨੂੰ 'ਅਮਨ ਖੇਤਰ' ਐਲਾਨਣ ਅਤੇ 'ਸਿੱਖ ਵੈਟੀਕਨ' ਸਿਟੀ ਵਜੋਂ ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ ਕੀਤੀ ਹੈ |