ਜਲੰਧਰ, 20 ਜੂਨ (ਜਸਪਾਲ ਸਿੰਘ)-ਖੇਤੀ ਵਸਤਾਂ ਤੇ ਖਾਸ ਕਰਕੇ ਖੁਰਾਕ ਪਦਾਰਥਾਂ 'ਚ ਰਸਾਇਣਾਂ ਦੀ ਜਾਂਚ ਸੰਬੰਧੀ ਜਲੰਧਰ 'ਚ ਸਥਾਪਿਤ ਕੀਤੀ ਗਈ ਪ੍ਰਯੋਗਸ਼ਾਲਾ (ਲੈਬੋਰੈਟਰੀ) ਡੇਢ ਦਹਾਕਾ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਆਪਣਾ ਕੰਮ ਸ਼ੁਰੂ ਨਹੀਂ ਕਰ ਸਕੀ ਹੈ | ਹਾਲਾਂਕਿ ਇਸ ਪ੍ਰਯੋਗਸ਼ਾਲਾ ਦੀ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਨੂੰ 17-18 ਸਾਲ ਦਾ ਲੰਬਾ ਅਰਸਾ ਬੀਤ ਚੁੱਕਾ ਹੈ ਪਰ ਅੱਜ ਤੱਕ ਇਸ ਵਿਚ ਕਿਸੇ ਵੀ ਖੁਰਾਕ ਪਦਾਰਥ ਦੀ ਜਾਂਚ ਨਹੀਂ ਕੀਤੀ ਜਾ ਸਕੀ ਹੈ | ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਪ੍ਰਯੋਗਸ਼ਾਲਾ ਇਕ ਤਰ੍ਹਾਂ ਨਾਲ ਡੇਢ ਦਹਾਕੇ ਤੋਂ ਵੀ ਵਧ ਸਮੇਂ ਤੋਂ ਚਿੱਟਾ ਹਾਥੀ ਬਣੀ ਹੋਈ ਹੈ | ਇਸ ਪ੍ਰਯੋਗਸ਼ਾਲਾ ਦੇ ਚਾਲੂ ਨਾ ਹੋਣ ਕਾਰਨ ਜਿੱਥੇ ਖੁਰਾਕ ਵਸਤਾਂ 'ਚ ਰਸਾਇਣਾਂ ਦੀ ਜਾਂਚ ਸੰਬੰਧੀ ਕੰਮ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੈ, ਉਥੇ ਇਨ੍ਹਾਂ ਵਸਤਾਂ ਦੇ ਨਿਰਯਾਤ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ | ਦੱਸਣਯੋਗ ਹੈ ਕਿ ਜਲੰਧਰ 'ਚ ਸਥਾਪਿਤ ਕੀਤੀ ਗਈ ਇਹ ਆਪਣੀ ਕਿਸਮ ਦੀ ਪਹਿਲੀ ਅਜਿਹੀ ਪ੍ਰਯੋਗਸ਼ਾਲਾ ਹੈ, ਜਿੱਥੇ ਵੱਖ-ਵੱਖ ਖੁਰਾਕ ਪਦਾਰਥਾਂ 'ਚ ਰਸਾਇਣਾਂ ਦੀ ਜਾਂਚ ਕੀਤੀ ਜਾਣੀ ਸੀ ਪਰ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਪ੍ਰਯੋਗਸ਼ਾਲਾ ਅਜੇ ਤੱਕ ਚਾਲੂ ਨਹੀਂ ਹੋ ਸਕੀ ਹੈ | ਪੰਜਾਬ ਸਰਕਾਰ ਵਲੋਂ ਸਾਲ 2008 'ਚ ਪੰਜਾਬ ਦੀ ਅਜਿਹੀ ਪਹਿਲੀ ਪ੍ਰਯੋਗਸ਼ਾਲਾ ਜਲੰਧਰ 'ਚ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਪੰਜਾਬ ਮੰਡੀ ਬੋਰਡ ਵਲੋਂ 2.80 ਕਰੋੜਾਂ ਰੁਪਏ ਦੀ ਲਾਗਤ ਨਾਲ ਜਲੰਧਰ ਦੇ ਮੁੱਖ ਖੇਤੀਬਾੜੀ ਦਫਤਰ 'ਚ ਪ੍ਰਯੋਗਸ਼ਾਲਾ ਦੀ ਇਮਾਰਤ ਵੀ ਤਿਆਰ ਕਰਕੇ ਸੰਬੰਧਿਤ ਮਹਿਕਮੇ ਨੂੰ ਸੌਂਪ ਦਿੱਤੀ ਗਈ ਸੀ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਸਾਲ 2012 'ਚ ਉਸ ਸਮੇਂ ਦੇ ਖੇਤੀਬਾੜੀ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਵਲੋਂ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੋਂ ਕਰੀਬ 13 ਸਾਲ ਪਹਿਲਾਂ ਬਣ ਕੇ ਤਿਆਰ ਹੋ ਚੁੱਕੀ ਪ੍ਰਯੋਗਸ਼ਾਲਾ 'ਚ ਅਜੇ ਤੱਕ ਜਾਂਚ ਦਾ ਕੰਮ ਹੀ ਸ਼ੁਰੂ ਨਹੀਂ ਹੋ ਸਕਿਆ | ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਪ੍ਰਯੋਗਸ਼ਾਲਾ 'ਚ ਜਾਂਚ ਦਾ ਕੰਮ ਤਾਂ ਕੀ ਸ਼ੁਰੂ ਹੋਣਾ ਸੀ, ਸਗੋਂ ਅੱਜ ਤੱਕ ਇਸ ਪ੍ਰਯੋਗਸ਼ਾਲਾ 'ਚ ਪਰਖ ਸੰਬੰਧੀ ਲੋੜੀਂਦਾ ਸਾਜ਼ੋ ਸਾਮਾਨ ਵੀ ਨਹੀਂ ਮੁਹੱਈਆ ਕਰਵਾਇਆ ਗਿਆ | ਇੱਥੇ ਹੀ ਬੱਸ ਨਹੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਪ੍ਰਯੋਗਸ਼ਾਲਾ ਦੀ ਇਮਾਰਤ ਦੀ ਹੁਣ ਦੁਬਾਰਾ ਰੈਨੋਵੇਸ਼ਨ (ਮੁਰੰਮਤ) ਦਾ ਕੰਮ ਕੀਤਾ ਜਾ ਰਿਹਾ ਹੈ | ਇਸ ਮਾਮਲੇ 'ਚ ਇਕ ਆਰ. ਟੀ. ਆਈ. ਐਕਟੀਵਿਸਟ ਨਰੇਸ਼ ਜੌਹਰ ਵਲੋਂ ਮੰਗੀ ਗਈ ਸੂਚਨਾ ਵੀ ਕਾਫੀ ਦਿਲਚਸਪ ਹੈ, ਉਨ੍ਹਾਂ ਵਲੋਂ ਪਹਿਲਾਂ ਮੰਗੀ ਗਈ ਸੂਚਾ 'ਚ ਜਿੱਥੇ ਜ਼ਿਲ੍ਹੇ ਦੇ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਵਲੋਂ ਇਹ ਕਿਹਾ ਗਿਆ ਕਿ ਇਸ ਪ੍ਰਯੋਗਸ਼ਾਲਾ 'ਚ ਲੋੜੀਂਦੇ ਸਾਜ਼ੋ-ਸਾਮਾਨ ਲਈ ਸਰਕਾਰ ਨੂੰ ਲਿਖਿਆ ਗਿਆ ਹੈ ਤੇ ਫੰਡ ਜਾਰੀ ਹੁੰਦੇ ਹੀ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਪਰ ਜਦੋਂ ਉਨ੍ਹਾਂ ਕੁੱਝ ਸਾਲਾਂ ਬਾਅਦ ਹੁਣ ਇਸ ਪ੍ਰਯੋਗਸ਼ਾਲਾ ਸੰਬੰਧੀ ਜਾਣਕਾਰੀ ਮੰਗੀ ਤਾਂ ਅਧਿਕਾਰੀਆਂ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ | ਓਧਰ ਇਸ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਪ੍ਰਯੋਗਸ਼ਾਲਾ ਨੂੰ ਚਾਲੂ ਕਰਨ ਬਾਰੇ ਨਹੀਂ ਸੋਚਿਆ | ਇਸ ਸੰਬੰਧੀ ਗੱਲ ਕਰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਣਧੀਰ ਸਿੰਘ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਆਉਂਦੇ ਤਿੰਨਾਂ ਮਹੀਨਿਆਂ ਅੰਦਰ ਇਹ ਪ੍ਰਯੋਗਸ਼ਾਲਾ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਪਰ ਪ੍ਰਯੋਗਸ਼ਾਲਾ ਦੇ ਕੰਮ 'ਚ ਹੋ ਰਹੀ ਦੇਰੀ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ |