ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ) ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇਂ ਕਮਿਸ਼ਨ ਨੇ ਨੈਸ਼ਨਲ ਇੰਸਟੀਚਿਊਟ ਹਾਈਡ੍ਰੋਲੋਜੀ, ਰੁੜਕੀ ਤੋਂ ਪੰਜਾਬ ਦੇ ਜਲ ਸਰੋਤਾਂ ਦੀ ਉਪਲਬਧਤਾ ਅਤੇ ਪਾਣੀ ਨਾਲ ਸੰਬੰਧਿਤ ਹੋਰ ਮੁੱਦਿਆਂ 'ਤੇ ਇਕ ਅਧਿਐਨ ਕਰਵਾਇਆ ਹੈ | ਇਸ ਰਿਪੋਰਟ ਦੇ ਨਤੀਜੇ ਪੰਜਾਬ ਵਿਧਾਨ ਵਲੋਂ ਗਠਿਤ ਵਿਧਾਇਕ ਗੁਰਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ 6 ਵਿਧਾਇਕਾਂ ਦੀ ਵਿਧਾਨ ਸਭਾ ਕਮੇਟੀ ਨੂੰ ਸੌਂਪੇ ਗਏ ਹਨ | ਕਮੇਟੀ ਨੇ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਿੰਮਣ ਪੈਟਰਨ ਨੂੰ ਮਾਪਣ ਦੇ ਨਾਲ-ਨਾਲ ਕਾਰਬਨ ਡੇਟਿੰਗ ਅਤੇ ਆਈਸੋਟੋਪ ਤਕਨਾਲੋਜੀਆਂ ਦੀ ਵਰਤੋਂ ਕਰਕੇ ਇਸ ਦੇ ਦਾਇਰੇ ਨੂੰ ਸੂਖਮ ਦਰ ਤੱਕ ਵਧਾਉਣ ਲਈ ਅਧਿਐਨ ਕਰੇ | ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇਂ ਕਮਿਸ਼ਨ ਨੇ ਪੰਜਾਬ ਦੀਆਂ ਵੱਧ ਰਹੀਆਂ ਪਾਣੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਪ੍ਰਮੁੱਖ ਜਲ ਮਾਹਿਰਾਂ ਅਤੇ ਵਿਗਿਆਨੀਆਂ ਦੀ 15 ਏਜੰਡਾ ਨੁਕਤਿਆਂ ਤਹਿਤ ਉੱਚ ਪੱਧਰੀ ਮੀਟਿੰਗ ਸੱਦੀ | ਜਿਸ ਦੀ ਪ੍ਰਧਾਨਗੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਸੁਖਪਾਲ ਸਿੰਘ ਨੇ ਕੀਤੀ | ਮੀਟਿੰਗ 'ਚ ਆਈ.ਆਈ.ਟੀ ਰੋਪੜ ਦੇ ਡੀਨ (ਸੀ.ਏ.ਪੀ.ਐਸ.) ਡਾ. ਪੁਸ਼ਪੇਂਦਰ ਪਾਲ ਸਿੰਘ, ਡਾ. ਸਰਬਜੋਤ ਕੌਰ, ਰੇਡੀਓਐਕਟਿਵ ਟੂਲਜ਼ 'ਤੇ ਪ੍ਰਮੁੱਖ ਵਿਗਿਆਨੀ, ਆਈ.ਆਈ.ਟੀ ਰੋਪੜ, ਹਰਸ਼ਦ ਕੁਲਕਰਨੀ, ਸਹਾਇਕ ਪ੍ਰੋਫੈਸਰ, ਆਈ.ਆਈ.ਟੀ ਮੰਡੀ, ਡਾ ਰਣਜੀਤ ਕੇ ਝਾਅ, ਆਈ.ਆਈ.ਟੀ ਮੰਡੀ, ਗੋਪਾਲ ਕਿ੍ਸ਼ਨ ਵਿਗਿਆਨੀ-ਈ ਨੈਸ਼ਨਲ ਇੰਸਟੀਚਿਊਟ ਆਫ ਹਾਈਡ੍ਰੋਲੋਜੀ (ਐਨ.ਆਈ.ਐਚ) ਰੁੜਕੀ ਨੇ ਸ਼ਮੂਲੀਅਤ ਕੀਤੀ | ਇਹ ਮੀਟਿੰਗ ਕਮਿਸ਼ਨ ਦੇ ਪ੍ਰਬੰਧਕੀ ਅਧਿਕਾਰੀ-ਕਮ-ਸਕੱਤਰ ਡਾ. ਰਣਜੋਧ ਸਿੰਘ ਬੈਂਸ ਵਲੋਂ ਕਰਾਈ ਗਈ | ਬਾਗ਼ਬਾਨੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਗੁਰਕੰਵਲ ਸਿੰਘ ਨੇ ਵੀ ਸੂਬੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਆਪਣੀ ਮਾਹਿਰਾਨਾ ਰਾਏ ਸਾਂਝੀ ਕੀਤੀ |