ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਭਾਰਤ ਅਤੇ ਪਾਕਿ ਵਿਚਾਲੇ ਜੰਗਬੰਦੀ ਦੀ ਸ਼ੁਰੂਆਤ ਸਾਊਦੀ ਪਿ੍ੰਸ ਦੁਆਰਾ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ 6-7 ਮਈ ਦੀ ਰਾਤ ਨੂੰ ਭਾਰਤੀ ਹਵਾਈ ਹਮਲਿਆਂ ਤੋਂ 45 ਮਿੰਟ ਬਾਅਦ ਸਾਊਦੀ ਪਿ੍ੰਸ ਨੇ ਫ਼ੋਨ ਕਰਕੇ ਭਾਰਤ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ ਸੀ | ਡਾਰ ਅਨੁਸਾਰ ਸਾਊਦੀ ਪਿ੍ੰਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕਰਾਂਗਾ ਕਿ ਪਾਕਿ ਜੰਗਬੰਦੀ ਲਈ ਤਿਆਰ ਹੈ ਅਤੇ ਉਨ੍ਹਾਂ ਨੂੰ ਵੀ ਰੁਕਣਾ ਚਾਹੀਦਾ ਹੈ | ਇਸ 'ਤੇ ਵਿਦੇਸ਼ ਮੰਤਰੀ ਡਾਰ ਵਲੋਂ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਸਾਊਦੀ ਪਿ੍ੰਸ ਨੇ ਭਾਰਤ ਨਾਲ ਗੱਲਬਾਤ ਕੀਤੀ | ਡਾਰ ਨੇ ਇਹ ਵੀ ਮੰਨਿਆ ਕਿ ਭਾਰਤ ਨੇ ਪਾਕਿ ਦੇ ਦੋ ਵੱਡੇ ਏਅਰਬੇਸਾਂ ਨੂਰ ਖਾਨ ਅਤੇ ਸ਼ੋਰਕੋਟ ਏਅਰਬੇਸ 'ਤੇ ਹਮਲਾ ਕਰਕੇ ਬਹੁਤ ਭਾਰੀ ਨੁਕਸਾਨ ਪਹੁੰਚਾਇਆ | ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ 6-7 ਮਈ ਦੀ ਰਾਤ ਨੂੰ ਜਦੋਂ ਪਾਕਿ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਸੀ ਤਾਂ ਭਾਰਤ ਨੇ ਦੁਬਾਰਾ ਹਮਲਾ ਕਰਕੇ ਉਕਤ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ |