ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖਾਨੇਵਾਲ ਰੇਲਵੇ ਸਟੇਸ਼ਨ 'ਤੇ ਇਕ ਅਸਾਧਾਰਨ ਹਾਦਸੇ 'ਚ ਘੱਟੋ-ਘੱਟ 27 ਯਾਤਰੀ ਜ਼ਖ਼ਮੀ ਹੋ ਗਏ | ਪਾਕਿ ਦੇ ਰੇਲਵੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਕ ਸਿਗਨਲ ਖੰਭੇ ਦੀ ਪੌੜੀ ਉੱਥੋਂ ਲੰਘਦੀਆਂ ਦੋ ਰੇਲ ਗੱਡੀਆਂ ਨਾਲ ਟਕਰਾਈ, ਜਿਸ ਕਾਰਨ ਇਹ ਘਟਨਾਵਾਂ ਵਾਪਰੀਆਂ | ਰੇਲਵੇ ਅਧਿਕਾਰੀਆਂ ਅਨੁਸਾਰ ਜ਼ਖਮੀ ਅਵਾਮ ਐਕਸਪ੍ਰੈੱਸ ਅਤੇ ਮੂਸਾ ਪਾਕ ਐਕਸਪ੍ਰੈੱਸ 'ਚ ਯਾਤਰਾ ਕਰ ਰਹੇ ਸਨ | ਉਨ੍ਹਾਂ ਨੇ ਦੱਸਿਆ ਕਿ ਜਦੋਂ ਸਿਗਨਲ ਖੰਭੇ ਦੀ ਪੌੜੀ ਟਕਰਾਈ ਤਾਂ ਬਹੁਤ ਸਾਰੇ ਯਾਤਰੀਆਂ ਦੇ ਹੱਥ ਰੇਲਗੱਡੀਆਂ ਦੀਆਂ ਖਿੜਕੀਆਂ ਤੋਂ ਬਾਹਰ ਫੈਲੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਜਾਣਬੁੱਝ ਕੇ ਪੌੜੀ ਨੂੰ ਰੇਲਵੇ ਟਰੈਕ ਵਲ ਧੱਕ ਦਿੱਤਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ |