ਸੰਗਰੂਰ, 21 ਜੂਨ (ਧੀਰਜ ਪਸ਼ੋਰੀਆ)-ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸ.ਕੇ.ਐਮ. ਗੈਰ-ਰਾਜਨੀਤਿਕ ਵਲੋਂ 13 ਫਰਵਰੀ 2024 ਨੂੰ ਦਿੱਲੀ ਅੰਦੋਲਨ-2 ਸ਼ੁਰੂ ਕੀਤਾ ਗਿਆ ਸੀ। ਹਜ਼ਾਰਾਂ ਟਰੈਕਟਰ ਟਰਾਲੀਆਂ ਸਮੇਤ ਕਿਸਾਨ ਵੱਖ-ਵੱਖ ਸੂਬਿਆਂ ਤੋਂ ਦਿੱਲੀ ਵੱਲ ਰਵਾਨਾ ਹੋਏ ਸਨ ਪਰ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੇ ਬਾਰਡਰਾਂ ਤੇ ਕਿੱਲਾਂ ਗੱਡ ਕੇ ਕੰਧਾਂ ਕੱਢ ਕੇ ਵੱਡੀਆਂ ਰੋਕਾਂ ਖੜ੍ਹੀਆਂ ਕਰ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਸੀ। ਕਿਸਾਨਾਂ ਨੇ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ 'ਤੇ ਆਪਣੇ ਪੱਕੇ ਡੇਰੇ ਜਮਾ ਕੇ ਮੋਰਚੇ ਸ਼ੁਰੂ ਕੀਤੇ ਸਨ ਇਹ ਮੋਰਚੇ ਲਗਾਤਾਰ 401 ਦਿਨ ਚੱਲੇ ਸਨ। 13 ਫਰਵਰੀ 2024 ਤੋਂ 19 ਮਾਰਚ 2025 ਤੱਕ ਚੱਲੇ ਇਹ ਮੋਰਚੇ ਇਤਿਹਾਸ ਵਿਚ ਸਭ ਤੋਂ ਵੱਧ ਸਮਾਂ ਚੱਲਣ ਵਾਲੇ ਮੋਰਚੇ ਹਨ। ਕਿਸਾਨ ਮਜ਼ਦੂਰ ਮੋਰਚੇ ਵਲੋਂ ਸ਼ੰਭੂ ਬਾਰਡਰ 'ਤੇ ਚਲਾਏ ਮੋਰਚੇ ਵਿਚ ਜੋ ਫ਼ੰਡ ਵੱਖ-ਵੱਖ ਸੂਬਿਆਂ ਦੇ ਦਾਨੀ ਸੱਜਣਾਂ ਵਲੋਂ ਭੇਜਿਆ ਗਿਆ ਅਤੇ ਜੋ ਖ਼ਰਚ ਹੋਇਆ ਉਸ ਦਾ ਕੁੱਲ ਵੇਰਵਾ ਮੋਰਚੇ ਦੇ ਖ਼ਜ਼ਾਨਚੀ ਰਹੇ ਦਿਲਬਾਗ ਸਿੰਘ ਹਰੀਗੜ੍ਹ ਅਤੇ ਗੁਰ ਅਮਨੀਤ ਸਿੰਘ ਮਾਂਗਟ ਨੇ ਕਿਹਾ ਕਿ ਜਮਾ ਹੋਈ ਕੁਲ ਰਾਸ਼ੀ 20 ਲੱਖ 58254 ਰੁਪਏ ਹੈ। ਲੰਬਾ ਸਮਾਂ ਚੱਲੇ ਇਸ ਮੋਰਚੇ ਤੇ ਜੋ ਖ਼ਰਚ ਹੋਇਆ ਉਸ ਦੀ ਕੁੱਲ ਰਾਸ਼ੀ 20 ਲੱਖ 56520 ਰੁਪਏ ਹੈ। ਇਸ ਪ੍ਰਕਾਰ ਕੁੱਲ ਬੱਚਤ ਰਾਸ਼ੀ 1734 ਰੁਪਏ ਹੈ। 2020 ਵਿਚ ਚੱਲੇ ਦਿੱਲੀ ਅੰਦੋਲਨ ਤੋਂ ਸੇਧ ਲੈਂਦੇ ਹਾਂ ਸਾਰਾ ਹਿਸਾਬ ਕਿਤਾਬ ਜਨਤਕ ਕਰ ਦਿੱਤਾ ਗਿਆ ਹੈ ਤਾਂ ਕਿ ਫ਼ੰਡਾਂ ਵਾਲਾ ਦੋਸ਼ ਜਿਹੜਾ ਕਿਸਾਨੀ ਮੋਰਚਿਆਂ ਦੌਰਾਨ ਕਿਸਾਨਾਂ ਉੱਤੇ ਲੱਗਦਾ ਹੈ ਉਸ ਨੂੰ ਸਾਫ਼ ਕੀਤਾ ਜਾ ਸਕੇ।
ਕਿਸਾਨ ਮਜ਼ਦੂਰ ਮੋਰਚੇ ਵਲੋਂ ਸ਼ੰਭੂ ਬਾਰਡਰ 'ਤੇ ਚੱਲੇ ਕਿਸਾਨ ਮੋਰਚੇ ਦਾ ਹਿਸਾਬ ਕੀਤਾ ਜਨਤਕ
ਅਜੀਤ ਡੈਸਕ
22-06-2025