ਪਿਛਲੇ ਚਾਰ ਮਹੀਨਿਆਂ 'ਚ ਤੀਜੀ ਵਾਰ ਵਧਿਆ ਦੁੱਧ ਦਾ ਭਾਅ
<br/>
ਫ਼ਿਰੋਜ਼ਪੁਰ, 22 ਜੂਨ (ਗੁਰਿੰਦਰ ਸਿੰਘ)-ਵੇਰਕਾ ਵਲੋਂ ਦੁੱਧ ਉਤਪਾਦਕਾਂ ਦੇ ਹਿਤ ਵਿਚ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਦੁੱਧ ਦੀ ਖ਼ਰੀਦ ਦਰ ਵਿਚ 25 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਹੈ | ਇਹ ਫ਼ੈਸਲਾ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਦੀ ਅਗਵਾਈ ਹੇਠ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਸਿਫ਼ਾਰਸ਼ 'ਤੇ ਲਿਆ ਗਿਆ | ਵੇਰਕਾ ਵਲੋਂ ਦੁੱਧ ਦੀ ਕੀਮਤ ਦੁੱਧ ਵਿਚ ਮੌਜੂਦ ਫੈਟ ਪ੍ਰਤੀਸ਼ਤ ਅਨੁਸਾਰ ਅਤੇ ਐਸ.ਐਨ.ਐਫ. ਦੀ ਦਰ ਦੇ ਆਧਾਰ 'ਤੇ ਨਿਰਧਾਰਿਤ ਕੀਤੀ ਜਾਂਦੀ ਹੈ | ਵੇਰਕਾ ਵਲੋਂ ਇਸ ਸਾਲ ਅਪ੍ਰੈਲ ਤੋਂ ਹੁਣ ਤੱਕ ਦਾ ਇਹ ਭਾਅ ਵਿਚ ਤੀਜੀ ਵਾਰੀ ਵਾਧਾ ਕੀਤਾ ਗਿਆ, ਜਿਸ ਨਾਲ ਹੁਣ ਤੱਕ ਕੁੱਲ 65 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਜਾ ਚੁੱਕਾ ਹੈ | ਹੁਣ ਮਿਲਕ ਯੂਨੀਅਨ ਫ਼ਿਰੋਜ਼ਪੁਰ ਦਾ ਮਾਝੇ ਦੁੱਧ ਦਾ ਭਾਅ 810 ਰੁਪਏ ਪ੍ਰਤੀ ਕਿੱਲੋ ਫੈਟ ਹੋ ਜਾਵੇਗਾ ਜਿਸ ਤੋਂ ਭਾਵ 10 ਪ੍ਰਤੀਸ਼ਤ ਫੈਟ ਵਾਲੇ ਦੁੱਧ ਦਾ ਭਾਅ 81 ਰੁਪਏ ਪ੍ਰਤੀ ਕਿੱਲੋ ਹੋ ਜਾਵੇਗਾ | ਵਾਧੇ ਦੀ ਘੋਸ਼ਣਾ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਤੇ ਜਨਰਲ ਮੈਨੇਜਰ ਸੁਗਯਾਨ ਪ੍ਰਸਾਦ ਸਿੰਘ ਨੇ ਕਰਦਿਆਂ ਦੁੱਧ ਉਤਪਾਦਕਾਂ ਨੂੰ ਉੱਚਤਮ ਗੁਣਵੱਤਾ ਦਾ ਦੁੱਧ ਪੈਦਾ ਕਰਨ ਅਤੇ ਡੇਅਰੀ ਦੇ ਧੰਦੇ ਨਾਲ ਜੁੜ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਪ੍ਰੇਰਿਆ |
ਵੇਰਕਾ ਵਲੋਂ ਦੁੱਧ ਖ਼ਰੀਦ ਭਾਅ 'ਚ 25 ਰੁਪਏ ਪ੍ਰਤੀ ਕਿੱਲੋ ਫੈਟ ਦਾ ਹੋਰ ਵਾਧਾ
ਅਜੀਤ ਡੈਸਕ
23-06-2025