• ਰਾਵਲਪਿੰਡੀ ਤੇ ਇਸਲਾਮਾਬਾਦ 'ਚ ਪਾਣੀ ਸੰਕਟ ਪੈਦਾ ਹੋਣ ਦੀ ਚਿੰਤਾ • ਸਥਿਤੀ 'ਚ ਸੁਧਾਰ ਨਾ ਹੋਣ 'ਤੇ ਐਮਰਜੈਂਸੀ ਜਲ ਸੰਭਾਲ ਪ੍ਰੋਟੋਕਾਲ ਹੋਵੇਗਾ ਸ਼ੁਰੂ
<br/>
ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਕੋਲ ਮੌਜੂਦਾ ਸਮੇਂ ਕੁੱਲ 11 ਡੈਮ ਹਨ ਤੇ ਪ੍ਰਮੁੱਖ ਜਲ ਭੰਡਾਰਾਂ ਤਰਬੇਲਾ ਡੈਮ (ਸਿੰਧੂ ਦਰਿਆ) ਤੇ ਮੰਗਲਾ ਡੈਮ (ਜਿਹਲਮ ਦਰਿਆ) ਸਮੇਤ ਲਗਭਗ ਸਭ 'ਚ ਪਾਣੀ ਡੈੱਡ ਲੈਵਲ ਤਕ ਪਹੁੰਚ ਚੁੱਕਾ ਹੈ | ਜਾਣਕਾਰੀ ਅਨੁਸਾਰ ਖ਼ਾਨਪੁਰ ਡੈਮ 'ਚ ਵੀ ਪਾਣੀ ਦਾ ਪੱਧਰ ਬਹੁਤ ਘੱਟ ਗਿਆ ਹੈ, ਜੋ ਕਿ ਡੈੱਡ ਲੈਵਲ ਤੋਂ ਸਿਰਫ਼ 6 ਫੁੱਟ ਉੱਪਰ ਹੈ, ਜਿਸ ਨਾਲ ਰਾਵਲਪਿੰਡੀ ਤੇ ਇਸਲਾਮਾਬਾਦ ਦੇ ਨਾਗਰਿਕਾਂ ਲਈ ਪਾਣੀ ਸੰਕਟ ਪੈਦਾ ਹੋਣ ਦੀ ਚਿੰਤਾ ਬਣ ਗਈ ਹੈ | ਦੱਸਣਯੋਗ ਹੈ ਕਿ ਖ਼ਾਨਪੁਰ ਡੈਮ ਪਾਕਿ ਦੀ ਰਾਜਧਾਨੀ ਇਸਲਾਮਾਬਾਦ ਤੋਂ ਲਗਭਗ 50 ਕਿੱਲੋਮੀਟਰ ਦੂਰ ਸੂਬਾ ਖ਼ੈਬਰ ਪਖਤੂਨਖਵਾ ਦੇ ਖ਼ਾਨਪੁਰ 'ਚ ਹਾਰੋ ਨਦੀ 'ਤੇ ਸਥਿਤ ਹੈ | ਖ਼ੈਬਰ ਪਖਤੂਨਖਵਾ ਤੇ ਲਹਿੰਦੇ ਪੰਜਾਬ ਦੋਵਾਂ ਨੂੰ ਸਿੰਚਾਈ ਦੇ ਉਦੇਸ਼ਾਂ ਲਈ ਪਾਣੀ ਦੀ ਸਪਲਾਈ ਲਗਭਗ ਇਕ ਮਹੀਨਾ ਪਹਿਲਾਂ ਹੀ ਮੁਅੱਤਲ ਕਰ ਦਿੱਤੀ ਗਈ ਸੀ | ਖ਼ਾਨਪੁਰ ਡੈਮ ਇਸਲਾਮਾਬਾਦ ਤੇ ਰਾਵਲਪਿੰਡੀ ਲਈ ਪੀਣ ਵਾਲੇ ਪਾਣੀ ਦਾ ਇਕ ਮੁੱਖ ਸਰੋਤ ਹੈ, ਇਸ ਤੋਂ ਇਲਾਵਾ ਹਰੀਪੁਰ ਜ਼ਿਲ੍ਹੇ ਤੇ ਲਹਿੰਦੇ ਪੰਜਾਬ ਦੇ ਕੁਝ ਹਿੱਸਿਆਂ 'ਚ ਖੇਤੀਬਾੜੀ ਜ਼ਮੀਨਾਂ ਦੀ ਸਿੰਚਾਈ ਕਰਦਾ ਹੈ | ਪਾਕਿ ਦੀ ਜਲ ਤੇ ਬਿਜਲੀ ਵਿਕਾਸ ਅਥਾਰਿਟੀ (ਵਾਪਡਾ) ਅਨੁਸਾਰ ਲੰਘੇ ਦਿਨ ਭੰਡਾਰ ਦਾ ਪੱਧਰ 1918 ਫੁੱਟ ਸੀ ਜੋ ਕਿ 1980 ਫੁੱਟ ਦੇ ਸੰਭਾਲ ਪੱਧਰ ਤੋਂ ਕਾਫ਼ੀ ਹੇਠਾਂ ਹੈ ਤੇ ਚਿੰਤਾਜਨਕ ਤੌਰ 'ਤੇ 1910 ਫੁੱਟ ਦੇ ਡੈੱਡ ਲੈਵਲ ਨੇੜੇ ਹੈ | ਡੈਮ 'ਚ ਪਾਣੀ ਦਾ ਪ੍ਰਵਾਹ ਘਟ ਕੇ ਸਿਰਫ਼ 29 ਕਿਊਸਿਕ ਰਹਿ ਗਿਆ ਹੈ ਜਦਕਿ ਨਿਕਾਸ 106 ਕਿਊਸਿਕ 'ਤੇ ਰੱਖਿਆ ਜਾ ਰਿਹਾ ਹੈ | ਜਲ ਪੱਧਰ 'ਚ ਗਿਰਾਵਟ ਦੇ ਨਾਲ ਡੈਮ 'ਚ ਜਲ ਖੇਡਾਂ ਦੀਆਂ ਗਤੀਵਿਧੀਆਂ ਸਾਲ ਦੇ ਸਭ ਤੋਂ ਹੇਠਲੇ ਪੱਧਰ ਤੱਕ ਘੱਟ ਗਈਆਂ ਹਨ ਜਦਕਿ ਇਨ੍ਹਾਂ ਦਿਨਾਂ ਦੌਰਾਨ ਪਹਿਲਾਂ ਡੈਮ ਇਕ ਪਸੰਦੀਦਾ ਸੈਲਾਨੀ ਸਥਾਨ ਬਣ ਜਾਂਦਾ ਸੀ | ਵਾਪਡਾ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਖ਼ਾਨਪੁਰ ਡੈਮ ਮਾਨਸੂਨ ਸੀਜ਼ਨ ਦੌਰਾਨ ਤੇ ਬਾਅਦ 'ਚ ਅਨੁਕੂਲ ਪੱਧਰ 'ਤੇ ਪਹੁੰਚ ਜਾਂਦਾ ਸੀ, ਪਰ ਇਸ ਵਾਰ ਬਦਲਦੇ ਮੌਸਮ ਦੇ ਪੈਟਰਨ, ਲੰਬੇ ਸਮੇਂ ਤੱਕ ਸੁੱਕੇ ਸਮੇਂ ਤੇ ਗਲੇਸ਼ੀਅਰ ਪਿਘਲਣ ਦੇ ਗਲਤ ਪ੍ਰਬੰਧਨ ਦੇ ਨਤੀਜੇ ਵਜੋਂ ਅਨਿਯਮਿਤ ਪਾਣੀ ਦਾ ਪ੍ਰਵਾਹ ਹੋਇਆ ਹੈ | ਪਿਛਲੇ ਸਾਲ ਜੂਨ 'ਚ ਭੰਡਾਰ ਦਾ ਪੱਧਰ 1935 ਫੁੱਟ ਦੇ ਆਸਪਾਸ ਸੀ, ਜੋ ਕਿ ਮੌਜੂਦਾ ਪ੍ਰਵਾਹ ਨਾਲੋਂ ਦੁੱਗਣਾ ਸੀ | ਇਸ ਦੇ ਨਾਲ ਹੀ ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਇਸ ਮਹੀਨੇ ਦੇ ਅੰਤ 'ਚ ਮਾਨਸੂਨ ਬਾਰਸ਼ ਦੀ ਸ਼ੁਰੂਆਤ ਡੈਮ ਦੇ ਭੰਡਾਰਾਂ ਨੂੰ ਭਰਨ 'ਚ ਮਦਦ ਕਰੇਗੀ | ਦੂਜੇ ਪਾਸੇ ਪਾਕਿ ਦੇ ਜਲ ਵਿਗਿਆਨੀ ਜਲ ਤਣਾਅ ਦੀ ਮੌਜੂਦਾ ਸਥਿਤੀ ਲਈ ਜਲਵਾਯੂ ਪਰਿਵਰਤਨਸ਼ੀਲਤਾ, ਮਾੜੀ ਕੈਚਮੈਂਟ ਪ੍ਰਬੰਧਨ ਤੇ ਵਧਦੀ ਸ਼ਹਿਰੀ ਮੰਗ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ | ਜੇਕਰ ਅਗਲੇ ਦੋ ਹਫ਼ਤਿਆਂ 'ਚ ਸਥਿਤੀ 'ਚ ਸੁਧਾਰ ਨਹੀਂ ਹੁੰਦਾ ਹੈ ਤਾਂ ਸਾਡੇ ਕੋਲ ਐਮਰਜੈਂਸੀ ਜਲ ਸੰਭਾਲ ਪ੍ਰੋਟੋਕਾਲ ਸ਼ੁਰੂ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ | ਪਾਕਿ ਅਧਿਕਾਰੀਆਂ ਨੇ ਜਨਤਾ ਨੂੰ ਪਾਣੀ ਦੀ ਖਪਤ ਘਟਾਉਣ ਅਤੇ ਬੇਲੋੜੀ ਬਰਬਾਦੀ ਤੋਂ ਬਚਣ ਦੀ ਅਪੀਲ ਕੀਤੀ ਹੈ |