ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ ਨੇ ਦੁਨੀਆ ਭਰ 'ਚ ਚਿੰਤਾਵਾਂ ਵਧਾ ਦਿੱਤੀਆਂ ਹਨ | ਇਜ਼ਰਾਈਲ-ਈਰਾਨ ਤਣਾਅ 'ਚ ਅਮਰੀਕਾ ਦੀ ਸ਼ਮੂਲੀਅਤ ਤੋਂ ਬਾਅਦ ਸਾਰੇ ਦੇਸ਼ ਚਿੰਤਤ ਹਨ ਕਿ ਇਸ ਨਾਲ ਖੇਤਰੀ ਟਕਰਾਅ ਵਧੇਗਾ | ਸਾਰੇ ਦੇਸ਼ਾਂ ਨੇ ਅਮਰੀਕਾ, ਈਰਾਨ ਅਤੇ ਇਜ਼ਰਾਈਲ ਨੂੰ ਸਾਵਧਾਨੀ ਵਰਤਣ ਅਤੇ ਕੂਟਨੀਤੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ | ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਮੰਤਰਾਲੇ ਨੇ ਅੱਜ ਈਰਾਨੀ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਖੇਤਰ 'ਚ ਤਣਾਅ ਦੇ ਹੋਰ ਵਧਣ ਦੀ ਸੰਭਾਵਨਾ ਬਾਰੇ ਬਹੁਤ ਚਿੰਤਤ ਹਾਂ | ਇਹ ਹਮਲੇ ਕੌਮਾਂਤਰੀ ਕਾਨੂੰਨ ਦੇ ਸਾਰੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਈਰਾਨ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਤਹਿਤ ਆਪਣਾ ਬਚਾਅ ਕਰਨ ਦਾ ਜਾਇਜ਼ ਅਧਿਕਾਰ ਹੈ | ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਬਿਆਨ ਮੁਤਾਬਿਕ ਈਰਾਨ ਵਿਰੁੱਧ ਚੱਲ ਰਹੇ ਹਮਲੇ ਕਾਰਨ ਤਣਾਅ ਅਤੇ ਹਿੰਸਾ 'ਚ ਵਾਧਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਖੇਤਰ 'ਚ ਸੰਕਟਾਂ ਨੂੰ ਹੱਲ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਅਨੁਸਾਰ ਗੱਲਬਾਤ ਤੇ ਕੂਟਨੀਤੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ |
ਪਾਕਿ ਵਲੋਂ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਨਿੰਦਾ, ਤਣਾਅ ਘਟਾਉਣ ਦੀ ਕੀਤੀ ਅਪੀਲ <br/>
ਅਜੀਤ ਡੈਸਕ
23-06-2025