ਡੇਰਾ ਬਾਬਾ ਨਾਨਕ, 31 ਅਗਸਤ (ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਜਥੇ. ਸੁੱਚਾ ਸਿੰਘ ਲੰਗਾਹ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਪਰ ਪਹੰਚੇ ਸ: ਬਾਦਲ ਨੇ ਸੰਗਤਾਂ ਨਾਲ ਰਲ ਕੇ 'ਲਹਿੰਦੇ ਤੇ ਚੜ੍ਹਦੇ' ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਤੇ ਹੜ੍ਹ ਵਰਗੀ ਤਰਾਸਦੀ ਤੋਂ ਉੱਭਰਨ ਲਈ ਕਰਤਾਰਪੁਰ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ | ਦਰਿਆ ਰਾਵੀ ਦੀ ਮਾਰ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਨਣ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ | ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ 150 ਟਰਾਲੀਆਂ ਰਾਸ਼ਨ ਤੇ ਜਰੂਰੀ ਵਸਤਾਂ ਵੀ ਪ੍ਰਦਾਨ ਕੀਤੀਆਂ | ਸ. ਬਾਦਲ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਜਿਸਨੇ ਪਹਿਲ ਦੇ ਆਧਾਰ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਫਾਈ ਕਰਵਾਈ ਜੋਕਿ ਹੜ੍ਹਾਂ ਦੇ ਪਾਣੀ ਵਿਚ ਘਿਰ ਗਿਆ ਸੀ | ਉਨ੍ਹਾਂ ਸੁਮੱਚੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਆਓ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਦੀ ਬਾਂਹ ਫੜੀਏ, ਕਿਉਂਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਸਗੋਂ ਪੰਜਾਬੀਆਂ ਦੇ ਨਾਲ ਖੜ੍ਹਨ ਦਾ ਹੈ |
ਸੁਖਬੀਰ ਨੇ 'ਲਹਿੰਦੇ ਤੇ ਚੜ੍ਹਦੇ' ਪੰਜਾਬ ਦੇ ਲੋਕਾਂ ਲਈ ਸੰਗਤ ਨਾਲ ਧੁੱਸੀ ਨੇੜੇ ਖੜ੍ਹੇ ਹੋ ਕੇ ਕੀਤੀ ਅਰਦਾਸ
ਅਜੀਤ ਡੈਸਕ
01-09-2025