ਸੂਬੇ 'ਚ ਪਰਾਲੀ ਸਾੜਨ ਦੇ ਮਾਮਲੇ ਵਧ ਕੇ 56 ਹੋਏ
ਅਜੀਤ ਡੈਸਕ
22-09-2025
ਪਟਿਆਲਾ, 21 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸੁਪਰੀਮ ਕੋਰਟ ਵਲੋਂ ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਕੀਤੀ ਗਈ ਸਖ਼ਤ ਟਿੱਪਣੀ ਤੋਂ ਬਾਅਦ ਇਹ ਮਾਮਲਾ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਭਖ ਗਿਆ ਹੈ | ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਦੀ ਰਿਪੋਰਟ ਮੁਤਾਬਿਕ ਪੰਜਾਬ 'ਚ ਅੱਜ ਤੱਕ ਕੁੱਲ 56 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 48 ਮਾਮਲੇ ਦਰਜ ਕਰ ਲਏ ਗਏ ਹਨ | ਕੱਲ੍ਹ ਇਨ੍ਹਾਂ ਮਾਮਲਿਆਂ ਦੀ ਗਿਣਤੀ 32 ਸੀ | ਅੱਜ ਦਰਜ ਕੀਤੇ ਮਾਮਲਿਆਂ 'ਚ ਅੰਮਿ੍ਤਸਰ ਵਿਖੇ ਸਭ ਤੋਂ ਵੱਧ 35 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 32 ਮਾਮਲੇ ਦਰਜ ਕੀਤੇ ਗਏ ਹਨ | ਦਰਜ ਕੀਤੇ ਇਨ੍ਹਾਂ ਮਾਮਲਿਆਂ 'ਚ ਕਿਸਾਨਾਂ ਤੋਂ 50 ਹਜ਼ਾਰ ਜੁਰਮਾਨਾ ਵੀ ਵਸੂਲ ਕੀਤਾ ਗਿਆ ਹੈ | ਇਸ ਤੋਂ ਇਲਾਵਾ 13 ਮਾਮਲਿਆਂ 'ਚ ਫ਼ਰਦਾਂ 'ਤੇ ਰੈੱਡ ਐਂਟਰੀ ਦਰਜ ਕਰ ਦਿੱਤੀ ਗਈ ਹੈ | ਦੂਜੇ ਨੰਬਰ 'ਤੇ ਪਟਿਆਲਾ ਵਿਖੇ 7 ਮਾਮਲੇ ਸਾਹਮਣੇ ਆਏ ਹਨ ਅਤੇ 7 'ਤੇ ਹੀ ਪਰਚੇ ਦਰਜ ਕਰ ਦਿੱਤੇ ਗਏ ਹਨ | ਇਸ ਤੋਂ ਬਾਅਦ ਤੀਜਾ ਨੰਬਰ ਤਰਨ ਤਾਰਨ ਦਾ ਹੈ, ਜਿਥੇ 5 ਮਾਮਲੇ ਸਾਹਮਣੇ ਆਏ ਅਤੇ ਪੰਜਾਂ 'ਤੇ ਹੀ ਪਰਚਾ ਦਰਜ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਬਰਨਾਲਾ 'ਚ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਅਜੇ ਤਕ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ | ਇਸ ਤੋਂ ਇਲਾਵਾ ਬਠਿੰਡਾ ਵਿਖੇ 1, ਫ਼ਿਰੋਜ਼ਪੁਰ 'ਚ 1, ਹੁਸ਼ਿਆਰਪੁਰ 'ਚ 1, ਸੰਗਰੂਰ 'ਚ 1 ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਮਲੇਰਕੋਟਲਾ 'ਚ 1 ਮਾਮਲੇ ਦੀ ਰਿਪੋਰਟ ਹੋਈ ਹੈ ਪਰ ਪਰਚਾ ਕੋਈ ਵੀ ਦਰਜ ਨਹੀਂ ਕੀਤਾ ਗਿਆ |