ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)- ਸਥਾਨਕ ਗਾਂਧੀ ਕੈਂਪ ਵਿਚ ਸਵੇਰੇ ਇਕ ਵਿਅਕਤੀ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਪਾਸਟਰ ਦਾ ਕਤਲ ਕਰ ਦਿੱਤਾ। ਬਟਾਲਾ ਪੁਲਿਸ ਵਲੋਂ ਪਾਸਟਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੁਖਇੰਦਰ ਸਿੰਘ ਨੇ ਦੱਸਿਆ ਕਿ ਪਾਸਟਰ ਬਲਵਿੰਦਰਪਾਲ ਪੁੱਤਰ ਤਾਰਾ ਚੰਦ ਵਾਸੀ ਨਜ਼ਦੀਕ ਫਾਟਕ ਗਾਂਧੀ ਕੈਂਪ ਆਪਣੇ ਘਰ ਚਰਚ ਚਲਾਉਂਦਾ ਸੀ, ਜਿਸ ਨੂੰ ਅੱਜ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਇਨ ਵਿਚ ਮ੍ਰਿਤਕ ਦੇ ਭਰਾ ਮਹਿੰਦਰਪਾਲ ਦੇ ਬਿਆਨਾਂ ’ਤੇ ਮੁਹੱਲੇ ਦੇ ਨਰੇਸ਼ ਕੁਮਾਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਐਸ.ਐਚ.ਓ. ਲਖਵਿੰਦਰ ਸਿੰਘ ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ, ਜਿਨ੍ਹਾਂ ਵਲੋਂ ਕੀਤੀ ਗਈ ਡੂੰਘਾਈ ਨਾਲ ਜਾਂਚ ਦੌਰਾਨ ਇਸ ਕਤਲ ਮਾਮਲੇ ’ਚ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਇਹ ਕਤਲ ਦੋਸ਼ੀ ਨੇ ਆਪਣੀ ਪਤਨੀ ਉਪਰ ਸ਼ੱਕ ਦੇ ਆਧਾਰ ’ਤੇ ਕੀਤਾ ਹੈ ਅਤੇ ਬਾਕੀ ਜਾਂਚ ਜਾਰੀ ਹੈ।