08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹਾਂ ਲਈ ਸੂਬਾ ਸਰਕਾਰ ਜ਼ਿੰਮੇਵਾਰ, ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਹੋਵੇ ਜਾਂਚ–ਜਾਖੜ <br/>

ਅਜੀਤ ਡੈਸਕ 22-09-2025

ਕਿਹਾ, ਸੋਸ਼ਲ ਮੀਡੀਆ 'ਤੇ ਹੜ੍ਹਾਂ ਲਈ ਕੇਂਦਰ ਸਰਕਾਰ ਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਸੰਬੰਧੀ ਫ਼ੈਲਾਇਆ ਜਾ ਰਿਹਾ ਝੂਠ
ਚੰਡੀਗੜ੍ਹ, 21 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਸੱਤਾ ਧਿਰ ਆਮ ਆਦਮੀ ਪਾਰਟੀ ਵਲੋਂ ਕੇਂਦਰ ਸਰਕਾਰ 'ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਸਿੱਧਾ ਜ਼ਿੰਮੇਵਾਰ ਕਰਾਰ ਦਿੰਦਿਆਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਰਵਾਈ ਜਾਵੇ | ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਉਨ੍ਹਾਂ ਦਿੱਲੀ ਤੋਂ ਚੱਲਣ ਵਾਲੀ 'ਆਪ' ਸਰਕਾਰ ਨੂੰ ਤਜ਼ਰਬਾਹੀਨ ਦੱਸਦਿਆਂ ਆਖਿਆ ਕਿ ਹੈੱਡਵਰਕਸਾਂ ਦੀ ਸੁਰੱਖਿਆ ਜਾਂਚ ਦਾ ਠੇਕਾ ਇਕ ਅਜਿਹੀ ਕੰਪਨੀ ਨੂੰ ਦਿੱਤਾ ਗਿਆ, ਜਿਸ ਦਾ ਹਾਈਡਰੋਲੋਜੀਕਲ ਵਿਗਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਜਾਖੜ ਨੇ ਕਿਹਾ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਹੜ੍ਹਾਂ ਦਾ ਜ਼ਿੰਮੇਵਾਰ ਦੱਸਣ ਸੰਬੰਧੀ ਫ਼ੈਲਾਏ ਜਾ ਰਹੇ ਝੂਠ ਬਾਰੇ ਚੰਡੀਗੜ੍ਹ ਦੇ ਸੈਕਟਰ 39 ਥਾਣੇ 'ਚ ਲਿਖਤੀ ਪੁਲਿਸ ਸ਼ਿਕਾਇਤ ਦਿੱਤੀ ਗਈ ਹੈ ਤਾਂ ਜੋ ਝੂਠ ਦੀ ਫ਼ੈਕਟਰੀ ਦੇ ਅਸਲ ਚਿਹਰੇ ਸਾਹਮਣੇ ਆ ਸਕਣ | ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਸਭ ਤੋਂ ਵੱਧ ਤਬਾਹੀ ਰਣਜੀਤ ਸਾਗਰ ਡੈਮ ਤੋਂ ਨਿਕਲਣ ਵਾਲੇ ਰਾਵੀ ਦਰਿਆ ਕਾਰਨ ਹੋਈ ਅਤੇ ਇਹ ਡੈਮ ਪੂਰੀ ਤਰ੍ਹਾਂ ਸੂਬਾ ਸਰਕਾਰ ਦੇ ਕੰਟਰੋਲ ਹੇਠ ਹੈ | ਜਾਖੜ ਨੇ ਦੱਸਿਆ ਕਿ 20 ਤੋਂ 26 ਅਗਸਤ ਤੱਕ ਭਾਰੀ ਮੀਂਹ ਦੀ ਚਿਤਾਵਨੀ ਹੋਣ ਦੇ ਬਾਵਜੂਦ ਡੈਮ ਤੋਂ ਘੱਟ ਪਾਣੀ ਛੱਡਿਆ ਗਿਆ ਪਰ 27 ਅਗਸਤ ਨੂੰ ਇਕੱਠੇ 2.75 ਲੱਖ ਕਿਊਸਿਕ ਪਾਣੀ ਛੱਡਿਆ ਗਿਆ | ਜਾਖੜ ਨੇ ਸਵਾਲ ਕੀਤਾ ਕਿ ਜਦੋਂ ਮਾਧੋਪੁਰ ਹੈੱਡਵਰਕਸ ਤੱਕ ਪਾਣੀ ਪਹੁੰਚਿਆ ਤਾਂ ਗੇਟ ਪਹਿਲਾਂ ਕਿਉਂ ਨਹੀਂ ਖੋਲ੍ਹੇ ਗਏ? ਹੜ੍ਹਾਂ ਦੌਰਾਨ 45 ਬੰਨ੍ਹ ਟੁੱਟੇ, ਜਿਨ੍ਹਾਂ ਵਿਚੋਂ 42 ਬੰਨ੍ਹ ਸਿਰਫ਼ ਰਾਵੀ ਦਰਿਆ 'ਤੇ ਸਨ | ਇਹ ਸਾਰਾ ਕੰਟਰੋਲ ਸੂਬਾ ਸਰਕਾਰ ਦੇ ਹੱਥਾਂ ਵਿਚ ਹੈ | ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਹੈੱਡਵਰਕਸਾਂ ਦੀ ਜਾਂਚ ਲਈ 'ਲੈਵਲ 9' ਨਾਂਅ ਦੀ ਸਮਾਜਿਕ ਵਿਗਿਆਨ ਨਾਲ ਜੁੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ, ਜਿਸ ਨੂੰ ਹਾਈਡਰੋਲੋਜੀਕਲ ਮਾਮਲਿਆਂ ਦਾ ਕੋਈ ਤਜਰਬਾ ਹੀ ਨਹੀਂ ਹੈ | ਭਾਜਪਾ ਪ੍ਰਧਾਨ ਜਾਖੜ ਨੇ ਸੂਬੇ ਦੇ ਜਲ ਸਰੋਤ ਮੰਤਰੀ ਵਲੋਂ ਵਿਧਾਨ ਸਭਾ 'ਚ 203 ਕਰੋੜ ਰੁਪਏ ਦੇ ਅਲਾਟ ਕੀਤੇ ਜਾਣ ਬਾਰੇ ਦਿੱਤੀ ਜਾਣਕਾਰੀ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਹਕੀਕਤ ਵਿਚ ਕੇਵਲ 80 ਕਰੋੜ ਹੀ ਅਲਾਟ ਹੋਏ | ਉਨ੍ਹਾਂ ਸਵਾਲ ਕੀਤਾ ਜਲ ਸਰੋਤ ਮੰਤਰੀ ਅਤੇ ਸੂਬਾ ਸਰਕਾਰ ਦੱਸਣ ਕਿ 8 ਅਗਸਤ ਤੱਕ ਇਸ ਰਕਮ ਦੇ ਕਿਹੜੇ ਕੰਮਾਂ ਲਈ ਵਰਕ ਆਰਡਰ ਜਾਰੀ ਹੋਏ ਸਨ | ਜਾਖੜ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਦਰਿਆਵਾਂ ਅਤੇ ਸੇਮ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਕਿੰਨੂ ਦੇ ਬਾਗ ਬਰਬਾਦ ਹੋ ਗਏ, ਜਦਕਿ ਲੁਧਿਆਣਾ ਅਧੀਨ ਆਉਂਦੇ ਸਸਰਾਲੀ ਪਿੰਡ 'ਚ ਸਤਲੁਜ ਦਰਿਆ ਦੇ ਬੰਨ੍ਹ ਟੁੱਟਣ ਲਈ ਗ਼ੈਰ-ਕਾਨੂੰਨੀ ਮਾਈਨਿੰਗ ਜ਼ਿੰਮੇਵਾਰ ਰਹੀ | ਸਿੰਚਾਈ ਵਿਭਾਗ ਵਿਚ 12 ਹਜ਼ਾਰ ਤੋਂ ਵੱਧ ਕਰਮਚਾਰੀ 'ਚਾਰਜਸ਼ੀਟ' ਕੀਤੇ ਹੋਏ ਹਨ, ਜਿਸ ਕਾਰਨ ਸਾਰੇ ਕੰਮ ਠੱਪ ਪਏ ਹਨ | ਸੁਨੀਲ ਜਾਖੜ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੜ੍ਹਾਂ ਦੇ ਅਸਲ ਕਾਰਨ ਲੱਭਣ ਤੇ ਭਵਿੱਖ 'ਚ ਅਜਿਹੀ ਤਬਾਹੀ ਤੋਂ ਬਚਾਅ ਲਈ ਇਹ ਮਾਮਲਾ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਜਾਂਚਿਆ ਜਾਣਾ ਲਾਜ਼ਮੀ ਹੈ |

ਪਿਛਲੀ ਖ਼ਬਰ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦਿਹਾਂਤ, ਅੰਤਿਮ ਸੰਸਕਾਰ ਕੱਲ੍ਹ <br/> ਅਗਲੀ ਖ਼ਬਰ ਪੰਜਾਬੀਆਂ ਵਾਂਗ ਲੋਕਾਂ ਦੀ ਮਦਦ ਕਰਨ ਦੀ ਆਦਤ ਮੈਂ ਕਿਤੇ ਵੀ ਨਹੀਂ ਵੇਖੀ-ਰਾਜਪਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।