07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਦੀਆਂ ਅਨਾਜ ਮੰਡੀਆਂ 'ਚ ਮੱਛਰਾਂ ਦੀ ਭਰਮਾਰ <br/>

ਅਜੀਤ ਡੈਸਕ 22-09-2025
ਕਿਸਾਨਾਂ ਦੀ ਚਿਰੋਕਣੀ ਮੰਗ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਫੌਗਿੰਗ ਮਸ਼ੀਨਾਂ ਦਾ ਪ੍ਰਬੰਧ
ਹਰਪ੍ਰੀਤ ਸਿੰਘ ਗਿੱਲ

ਅਮਲੋਹ, 21 ਸਤੰਬਰ-ਦਿਹਾਤੀ ਵਿਕਾਸ ਫੰਡ ਅਤੇ ਮਾਰਕੀਟ ਫ਼ੀਸ ਦੇ ਜ਼ਰੀਏ ਕਿਸਾਨਾਂ ਦੀਆਂ ਜਿਣਸਾਂ ਤੋਂ ਹਰ ਸਾਲ ਕਰੋੜਾਂ ਰੁਪਏ ਉਗਰਾਹੁਣ ਵਾਲੇ ਮੰਡੀ ਬੋਰਡ ਵਲੋਂ ਅਨਾਜ ਮੰਡੀਆਂ 'ਚ ਮੱਛਰਾਂ ਨੂੰ ਕਾਬੂ ਕਰਨ ਲਈ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਹੁਣ ਜਦੋਂ ਪੰਜਾਬ ਦੀਆਂ ਮੰਡੀਆਂ ਵਿਚੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਤਾਂ ਪੰਜਾਬ ਦੀਆਂ ਬਹੁਤੀਆਂ ਅਨਾਜ ਮੰਡੀਆਂ ਵਿਚ ਬਰਸਾਤੀ ਪਾਣੀ ਦੇ ਨਿਕਾਸ ਦੇ ਨਾਕਸ ਪ੍ਰਬੰਧ ਹੋਣ ਕਾਰਨ ਮੰਡੀਆਂ ਵਿਚ ਮੱਛਰਾਂ ਦੀ ਭਰਮਾਰ ਹੈ | ਇਨ੍ਹਾਂ ਮੱਛਰਾਂ ਦੇ ਪ੍ਰਕੋਪ ਤੋਂ ਕਿਸਾਨਾਂ, ਪੱਲੇਦਾਰਾਂ ਅਤੇ ਆੜ੍ਹਤੀਆਂ ਨੂੰ ਬਚਾਉਣ ਲਈ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਕੋਲ ਫੌਗਿੰਗ ਮਸ਼ੀਨਾਂ ਦਾ ਕੋਈ ਪ੍ਰਬੰਧ ਨਹੀਂ ਹੈ, ਜਿਨ੍ਹਾਂ ਨਾਲ ਮੱਛਰਾਂ 'ਤੇ ਕਾਬੂ ਪਾਇਆ ਜਾ ਸਕੇ, ਜਿਸ ਕਾਰਨ ਇਸ ਸਾਲ ਮੰਡੀਆਂ 'ਚ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਪ੍ਰਚੰਡ ਰੂਪ ਧਾਰਨ ਕਰਨ ਦੇ ਪੂਰੇ ਅਸਾਰ ਹਨ | ਵਰਨਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਵਲੋਂ ਪੰਜਾਬ ਮੰਡੀ ਬੋਰਡ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਮੰਡੀਆਂ ਵਿਚ ਫੌਗਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇ ਪਰ ਸਰਕਾਰਾਂ ਦੀ ਲਾਪਰਵਾਹੀ ਅਤੇ ਅਫ਼ਸਰ ਸ਼ਾਹੀ ਨੇ ਇਹ ਮਾਮਲਾ ਅਜੇ ਤੱਕ ਹੱਲ ਨਹੀਂ ਹੋਣ ਦਿੱਤਾ | ਇਹ ਗੱਲ ਵੀ ਰਿਕਾਰਡ 'ਤੇ ਹੈ ਕਿ ਅਜਮੇਰ ਸਿੰਘ ਲੱਖੋਵਾਲ ਸਮੇਤ ਸਾਰੇ ਪਿਛਲੇ ਚੇਅਰਮੈਨਾਂ ਦੇ ਸਮੇਂ ਬਹੁਤ ਸਾਰੇ ਕਿਸਾਨਾਂ ਵਲੋਂ ਮਾਰਕੀਟ ਕਮੇਟੀਆਂ ਰਾਹੀਂ ਨਿਯਮਤ ਤੌਰ 'ਤੇ ਮਤੇ ਪਾਸ ਕਰਕੇ ਮੰਡੀ ਬੋਰਡ ਕੋਲ ਫੌਗਿੰਗ ਮਸ਼ੀਨਾਂ ਭੇਜਣ ਦੀ ਮੰਗ ਕੀਤੀ ਪਰ ਮੰਡੀ ਬੋਰਡ ਵਲੋਂ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਕ ਨਿੱਜੀ ਸਮਾਗਮ ਵਿਚ ਪੱਤਰਕਾਰਾਂ ਦੀ ਮੌਜੂਦਗੀ ਵਿਚ ਕੁਝ ਕਿਸਾਨਾਂ ਦੀ ਮੰਗ 'ਤੇ ਸੂਬੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਫੌਗਿੰਗ ਮਸ਼ੀਨਾਂ ਭੇਜਣ ਲਈ 2024-25 ਦੇ ਬਜਟ ਵਿਚ ਵਿਸ਼ੇਸ਼ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਸ ਸਮੇਂ ਦੇ ਬਜਟ ਵਿਚ ਵੀ ਇਨ੍ਹਾਂ ਮਸ਼ੀਨਾਂ ਲਈ ਇਕ ਪੈਸਾ ਨਹੀਂ ਰੱਖਿਆ ਗਿਆ | ਤਕਨੀਕੀ ਮਾਹਿਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇ ਹਰ ਮੰਡੀ ਲਈ ਇਕ ਫੌਗਿੰਗ ਮਸ਼ੀਨ ਭੇਜੀ ਜਾਵੇ ਤਾਂ ਲਗਪਗ 25 ਤੋਂ 30 ਕਰੋੜ ਰੁਪਏ ਦੀ ਲਾਗਤ ਆਉਣੀ ਹੈ | ਇਹ ਰਕਮ ਉਸ ਵੱਡੇ ਬਜਟ ਨਾਲੋਂ ਆਟੇ 'ਚ ਲੂਣ ਬਰਾਬਰ ਹੈ, ਜੋ ਮੰਡੀ ਬੋਰਡ ਨੂੰ ਹਰ ਸਾਲ ਕਿਸਾਨਾਂ ਦੀਆਂ ਜਿਣਸਾਂ ਤੋਂ ਮਿਲਦਾ ਹੈ | ਕਿਸਾਨ ਆਗੂ ਕੁਲਵੀਰ ਸਿੰਘ ਖਨੌੜਾ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ, ਜਿਥੇ ਹਰ ਸਾਲ ਲੱਖਾਂ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਆਉਂਦੇ ਹਨ, ਉਨ੍ਹਾਂ ਦਾ ਸਿਹਤਮੰਦ ਤੇ ਸੁਰੱਖਿਅਤ ਮਾਹੌਲ ਬਣਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਪਰ ਹਕੀਕਤ ਇਹ ਹੈ ਕਿ ਕਿਸਾਨਾਂ ਦੀ ਸਿਹਤ ਅਤੇ ਜਾਨਾਂ ਨਾਲ ਖੇਡਦੇ ਹੋਏ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਮੰੂਹ ਮੋੜਿਆ ਹੈ | ਇਹ ਬੇਧਿਆਨੀ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ |

ਪਿਛਲੀ ਖ਼ਬਰ ਜੁਗਰਾਜ ਸਿੰਘ ਜੱੁਗਾ ਹੱਤਿਆ ਮਾਮਲੇ 'ਚ ਸ਼ਾਮਿਲ 2 ਮੁੱਖ ਦੋਸ਼ੀ ਨਾਗਾਲੈਂਡ ਤੋਂ ਗਿ੍ਫ਼ਤਾਰ <br/> ਅਗਲੀ ਖ਼ਬਰ ਲੋਕ ਨਿਰਮਾਣ ਵਿਭਾਗ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਚਾਰਜ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਸੌਂਪ ਦੇਵੇਗਾ-ਮੀਟਿੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।