ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ 12 ਜ਼ਿਲਿ੍ਹਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ 500 ਦੇ ਕਰੀਬ ਸਰਕਾਰੀ ਸਕੂਲਾਂ ਦੇ ਤਕਰੀਬਨ 25 ਤੋਂ 30 ਹਜ਼ਾਰ ਦਸਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਨ ਵਾਲੇ ਸਕੂਲੀ ਵਿਦਿਆਰਥੀਆਂ ਉਪਰ ਹੁਣ ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਜਮਾਤਾਂ ਦੀ ਪ੍ਰੀਖਿਆ ਫ਼ੀਸ ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦੇ ਰਾਹ 'ਚ ਵੱਡਾ ਰੋੜਾ ਬਣਨ ਜਾ ਰਹੀ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2026 ਦੀਆਂ ਬੋਰਡ ਪ੍ਰੀਖਿਆਵਾਂ ਦਾ ਫ਼ੀਸ ਕਲੰਡਰ ਐਲਾਨ ਦਿੱਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਦਸਵੀਂ ਜਮਾਤ ਦੀ ਪ੍ਰੀਖਿਆ ਫ਼ੀਸ 1720 ਰੁਪਏ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਫ਼ੀਸ 2170 ਰੁਪਏ ਪ੍ਰਤੀ ਵਿਦਿਆਰਥੀ ਤੈਅ ਕੀਤੀ ਗਈ ਹੈ | ਇਹ ਫ਼ੀਸ 20 ਸਤੰਬਰ ਤੋਂ 24 ਅਕਤੂਬਰ 2025 ਤੱਕ ਭਰੀ ਜਾ ਸਕਦੀ ਹੈ | ਬਹੁਤ ਸਾਰੇ ਬੰਦ ਪਏ ਸਕੂਲ ਖੁੱਲ੍ਹ ਗਏ ਹਨ ਅਤੇ ਕਈ ਥਾਈਾ ਹਾਲੇ ਵੀ ਸਕੂਲ ਬੰਦ ਹਨ | ਸਕੂਲ ਖੁੱਲ੍ਹਦੇ ਸਾਰ ਹੀ ਅਧਿਆਪਕਾਂ ਵਲੋਂ ਮਹੀਨਾਵਾਰ ਫ਼ੀਸਾਂ ਅਤੇ ਪ੍ਰੀਖਿਆ ਦਾਖ਼ਲਾ ਫ਼ੀਸ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਦਿਆਰਥੀਆਂ ਦੇ ਚਿਹਰੇ 'ਤੇ ਚਿੰਤਾ ਅਤੇ ਸੋਚ ਦੀਆਂ ਲਕੀਰਾਂ ਹਨ ਕਿ ਕਿਤੇ ਇਹ ਫ਼ੀਸਾਂ ਦਾ ਬੋਝ ਉਨ੍ਹਾਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਨਾ ਕਰ ਦੇਵੇ | ਬਹੁਤ ਸਾਰੇ ਵਿਦਿਆਰਥੀ ਹਾਲੇ ਸਕੂਲ ਹੀ ਨਹੀਂ ਆਉਣ ਲੱਗੇ ਅਤੇ ਜੋ ਆਉਣ ਲੱਗੇ ਹਨ ਉਹ ਮਾਤਾ-ਪਿਤਾ ਨੂੰ ਫ਼ੀਸ ਦਾ ਪ੍ਰਬੰਧ ਕਰਨ ਲਈ ਮਜਬੂਰ ਕਰ ਰਹੇ ਹਨ | ਘਰ ਡਿਗ ਪਏ ਹਨ, ਫ਼ਸਲਾਂ ਤਬਾਹ ਹੋ ਗਈਆਂ ਹਨ, ਆੜ੍ਹਤੀਆਂ ਨੇ ਕਰਜ਼ਾ ਦੇਣ ਤੋਂ ਕਿਨਾਰਾ ਕਰ ਲਿਆ ਹੈ | ਇਸ ਸਥਿਤੀ ਵਿਚ ਪੜ੍ਹਾਈ ਜਾਰੀ ਰੱਖਣੀ ਮੁਸ਼ਕਿਲ ਹੋ ਰਹੀ ਹੈ | ਇਸ ਗੰਭੀਰ ਮੁੱਦੇ 'ਤੇ ਸਿੱਖਿਆ ਸੁਧਾਰ ਕਮੇਟੀ ਵਲੋਂ 10 ਦਿਨ ਪਹਿਲਾਂ ਵੀ ਸਿੱਖਿਆ ਮੰਤਰੀ ਪੰਜਾਬ ਨੂੰ ਇਕ ਖੁੱਲ੍ਹਾ ਖ਼ਤ ਲਿਖ ਕੇ ਵਿਦਿਆਰਥੀਆਂ ਦੀ ਮਦਦ ਦੀ ਅਪੀਲ ਕੀਤੀ ਗਈ ਸੀ | ਹੁਣ ਜਦੋਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਤਾਂ ਸਿੱਖਿਆ ਸੁਧਾਰ ਕਮੇਟੀ ਦੇ ਬੁਲਾਰੇ ਪਿ੍ੰਸੀਪਲ ਹੰਸ ਰਾਜ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਰਹਿਮ ਭਰੀ ਅਪੀਲ ਕਰਦਿਆਂ ਕਿਹਾ ਕਿ 25 ਹਜ਼ਾਰ ਦੇ ਕਰੀਬ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਫ਼ੀਸ 5 ਤੋਂ 6 ਕਰੋੜ ਹੀ ਬਣਦੀ ਹੈ | ਇਸ ਦੀ ਮੁਆਫ਼ੀ ਜਾਂ ਭਰਪਾਈ ਰਾਜ ਸਰਕਾਰ ਲਈ ਕੋਈ ਵੱਡਾ ਕੰਮ ਨਹੀਂ | ਸਗੋਂ ਵਿੱਦਿਆ ਦੇ ਇਸ ਦਾਨ ਬਦਲੇ ਹੜ੍ਹਾਂ ਦੇ ਮਾਰੇ ਲੋਕ ਸਰਕਾਰ ਨੂੰ ਦੁਆਵਾਂ ਹੀ ਦੇਣਗੇ | ਪਿ੍ੰਸੀਪਲ ਹੰਸਰਾਜ ਨੇ ਵੱਡੇ-ਵੱਡੇ ਕਲਾਕਾਰਾਂ, ਸਿਨੇਮਾ ਜਗਤ ਦੀਆਂ ਹਸਤੀਆਂ, ਉਦਯੋਗਪਤੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਵੀ ਵਿਦਿਆਰਥੀਆਂ ਦੀਆਂ ਫ਼ੀਸਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਕਿ ਕਿਸੇ ਵੀ ਗ਼ਰੀਬ ਵਿਦਿਆਰਥੀ ਨੂੰ ਫ਼ੀਸ ਕਰਕੇ ਆਪਣੀ ਪੜ੍ਹਾਈ ਵਿਚਾਲੇ ਨਾ ਛੱਡਣੀ ਪਵੇ।
ਕੀ ਪੰਜਾਬ ਸਰਕਾਰ ਕਰੇਗੀ ਮਦਦ...? ਹੜ੍ਹ ਪ੍ਰਭਾਵਿਤ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਨਹੀਂ ਜੁੜ ਰਹੀ ਪ੍ਰੀਖਿਆ ਫ਼ੀਸ <br/>
ਅਜੀਤ ਡੈਸਕ
22-09-2025