07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਹਿੰਦਰ ਸਿੰਘ ਕੇ.ਪੀ. ਦੇ ਪੁੱਤਰ ਰਿਚੀ ਕੇ.ਪੀ. ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਅਜੀਤ ਡੈਸਕ 22-09-2025

ਸ਼ਰਧਾਂਜਲੀ ਸਮਾਗਮ ਨੂੰ ਡਾ. ਹਮਦਰਦ, ਸੁਖਬੀਰ, ਚੰਨੀ, ਬਾਜਵਾ ਤੇ ਭਗਤ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਸੰਬੋਧਨ
ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਪੁੱਤਰ ਰਿਚੀ ਕੇ. ਪੀ. ਨਮਿਤ ਸ਼ਰਧਾਂਜਲੀ ਸਮਾਗਮ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕਰਵਾਇਆ ਗਿਆ, ਜਿਸ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕੇ. ਪੀ. ਪਰਿਵਾਰ ਨਾਲ ਸਾਂਝ ਰੱਖਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਿਥੇ ਸਮਾਜ ਦੇ ਹਰ ਵਰਗ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਹੋਏ, ਉਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਪਰਿਵਾਰ ਵਲੋਂ ਆਈ ਸੰਗਤ ਦਾ ਧੰਨਵਾਦ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ ਨੇ ਕਿਹਾ ਕਿ ਬੇਟੇ ਰਿਚੀ ਕੇ. ਪੀ. ਦਾ ਵਿਛੋੜਾ ਸਾਡੇ ਸਾਰਿਆਂ ਲਈ ਬਹੁਤ ਹੀ ਦੁਖਦਾਈ ਹੈ ਪਰ ਅੱਜ ਦਾ ਇਹ ਇਕੱਠ ਨਿਸ਼ਚਿਤ ਤੌਰ 'ਤੇ ਜਿਥੇ ਪਰਿਵਾਰ ਨੂੰ ਧਰਵਾਸ ਦੇਣ 'ਚ ਸਹਾਈ ਹੋਵੇਗਾ, ਉਥੇ ਕੇ. ਪੀ. ਪਰਿਵਾਰ ਨੂੰ ਪਹਿਲਾਂ ਵਾਂਗ ਹੀ ਸਮਾਜ ਦੀ ਸੇਵਾ ਕਰਨ ਲਈ ਹਿੰਮਤ ਤੇ ਹੌਂਸਲਾ ਪ੍ਰਦਾਨ ਕਰੇਗਾ। ਇਸ ਮੌਕੇ ਉਨ੍ਹਾਂ ਕੇ. ਪੀ. ਪਰਿਵਾਰ ਨਾਲ ਆਪਣੇ ਦਹਾਕਿਆਂ ਪੁਰਾਣੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਡਾ. ਸਾਧੂ ਸਿੰਘ ਹਮਦਰਦ ਤੇ ਸ਼ਹੀਦ ਦਰਸ਼ਨ ਸਿੰਘ ਕੇ. ਪੀ. ਦੇ ਸਮੇਂ ਤੋਂ ਦੋਵਾਂ ਪਰਿਵਾਰਾਂ ਵਿਚਕਾਰ ਚੱਲੀ ਆ ਰਹੀ ਸਾਂਝ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ। ਡਾ. ਹਮਦਰਦ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਸੰਤੁਸ਼ਟੀ ਹੈ ਕਿ ਕੇ. ਪੀ. ਪਰਿਵਾਰ ਨੇ ਹਮੇਸ਼ਾ ਉਨ੍ਹਾਂ ਨੂੰ ਪਰਿਵਾਰ ਦੇ ਵੱਡੇ ਮੈਂਬਰ ਵਜੋਂ ਪਿਆਰ ਤੇ ਸਤਿਕਾਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਮਹਿੰਦਰ ਸਿੰਘ ਕੇ. ਪੀ. ਦੀ ਸਾਦਗੀ ਤੇ ਨਿਮਰਤਾ ਭਰਪੂਰ ਸ਼ਖਸੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਈ ਵਾਰ ਸਿਆਸੀ ਹਾਲਾਤ ਇਨਸਾਨ ਨੂੰ ਪਾਰਟੀ ਬਦਲਣ ਲਈ ਮਜ਼ਬੂਰ ਕਰ ਦਿੰਦੇ ਹਨ ਪਰ ਮਹਿੰਦਰ ਸਿੰਘ ਕੇ. ਪੀ. ਚਾਹੇ ਕਿਸੇ ਵੀ ਪਾਰਟੀ 'ਚ ਹੋਣ ਉਨ੍ਹਾਂ ਨੇ ਹਮੇਸ਼ਾ ਆਪਣਾ ਤਵਾਜ਼ਨ ਬਣਾ ਕੇ ਰੱਖਿਆ ਅਤੇ ਸਿਆਸੀ ਕਦਰਾਂ ਕੀਮਤਾਂ 'ਤੇ ਵੀ ਪਹਿਰਾ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਿਚੀ ਕੇ. ਪੀ. ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕੇ. ਪੀ. ਪਰਿਵਾਰ ਦੀ ਸ਼ਰਾਫਤ ਤੇ ਨੇਕ ਨੀਅਤ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਈ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਦੁੱਖ ਦੀ ਘੜੀ 'ਚ ਸਮੁੱਚਾ ਅਕਾਲੀ ਦਲ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦਾ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਤੇ ਅਰੁਣਾ ਚੌਧਰੀ ਨੇ ਵੀ ਵਿਛੜੀ ਆਤਮਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਰਛਪਾਲ ਸਿੰਘ ਪਾਲ ਨੇ ਜ਼ਿੰਦਗੀ ਤੇ ਮੌਤ ਦੇ ਫਲਸਫੇ 'ਤੇ ਚਾਨਣਾ ਪਾਇਆ। ਇਸ ਮੌਕੇ ਡਾ. ਇਕਬਾਲ ਸਿੰਘ ਸਾਬਕਾ ਉਪ ਰਾਜਪਾਲ ਪੁਡੂਚੇਰੀ, ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਗੁਰਜੀਤ ਸਿੰਘ ਔਜਲਾ, ਜਗਮੀਤ ਸਿੰਘ ਬਰਾੜ, ਹੰਸ ਰਾਜ ਹੰਸ, ਬ੍ਰਹਮ ਸ਼ੰਕਰ ਜਿੰਪਾ, ਦੀਪਕ ਬਾਲੀ, ਤੇਜਿੰਦਰ ਸਿੰਘ ਬਿੱਟੂ, ਸ਼ੀਤਲ ਵਿੱਜ, ਡਾ. ਰਾਜ ਕੁਮਾਰ ਵੇਰਕਾ, ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਅਮਰਜੀਤ ਸਿੰਘ ਟਿੱਕਾ, ਗੁਰਪ੍ਰੀਤ ਘੁੱਗੀ, ਪਵਨ ਟੀਨੂੰ, ਬਲਵਿੰਦਰ ਸਿੰਘ ਧਾਲੀਵਾਲ, ਵਿਕਰਮਜੀਤ ਸਿੰਘ ਚੌਧਰੀ, ਬਾਵਾ ਹੈਨਰੀ, ਅਮਰਜੀਤ ਸਿੰਘ ਸਮਰਾ, ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ, ਜੋਗਿੰਦਰ ਸਿੰਘ ਮਾਨ, ਕਰਮਜੀਤ ਕੌਰ ਚੌਧਰੀ, ਗੁਰਮੇਲ ਸਿੰਘ ਪਹਿਲਵਾਨ, ਸੋਹਣ ਸਿੰਘ ਠੰਡਲ, ਡੀ. ਆਰ. ਭੱਟੀ ਸਾਬਕਾ ਡੀ. ਜੀ. ਪੀ., ਸੁਰੇਸ਼ ਅਰੋੜਾ ਸੇਵਾ ਮੁਕਤ ਡੀ. ਜੀ. ਪੀ., ਅਸ਼ਵਨੀ ਸੇਖੜੀ, ਜਥੇਦਾਰ ਕੁਲਵੰਤ ਸਿੰਘ ਮੰਨਣ, ਬਲਬੀਰ ਸਿੰਘ ਚੌਹਾਨ, ਇਕਬਾਲ ਸਿੰਘ ਢੀਂਡਸਾ, ਮਨਮੋਹਨ ਸਿੰਘ ਖਰੜ, ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ, ਅਰੁਣਾ ਅਰੋੜਾ, ਮਨੋਜ ਅਗਰਵਾਲ, ਅੰਮ੍ਰਿਤਬੀਰ ਸਿੰਘ ਤੇ ਗੁਰਚਰਨ ਸਿੰਘ ਚੰਨੀ ਤੋਂ ਇਲਾਵਾ ਮਹਿੰਦਰ ਸਿੰਘ ਕੇ. ਪੀ. ਦੇ ਭਰਾ ਪਰਮਜੀਤ ਸਿੰਘ ਕੇ. ਪੀ., ਅਮਰਜੀਤ ਸਿੰਘ ਕੇ. ਪੀ., ਬੇਟੀਆਂ ਰੁਪਾਲੀ ਕੇ. ਪੀ. ਤੇ ਕ੍ਰਿਸ਼ਮਾ ਅਤੇ ਦਾਮਾਦ ਮਨਰਾਜ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਪਿਛਲੀ ਖ਼ਬਰ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸਮਾਗਮ 28 ਨੂੰ ਅਗਲੀ ਖ਼ਬਰ ਕੀ ਪੰਜਾਬ ਸਰਕਾਰ ਕਰੇਗੀ ਮਦਦ...? ਹੜ੍ਹ ਪ੍ਰਭਾਵਿਤ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਨਹੀਂ ਜੁੜ ਰਹੀ ਪ੍ਰੀਖਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।