04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬਾਬਾ ਫ਼ਰੀਦ ਆਗਮਨ ਪੁਰਬ ਦੇ ਅਖੀਰਲੇ ਦਿਨ ਅਲੌਕਿਕ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 24-09-2025

ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-12ਵੀਂ ਸਦੀ ਦੇ ਮਹਾਨ ਸੂਫ਼ੀ ਦਰਵੇਸ਼ ਬਾਬਾ ਸ਼ੇਖ ਫ਼ਰੀਦ ਦੀਆਂ ਸਿੱਖਿਆਵਾਂ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫ਼ਰੀਦਕੋਟ ਵਿਖੇ 19 ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਆਗਮਨ ਪੁਰਬ ਦੇ 5ਵੇਂ ਦਿਨ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਫ਼ਰੀਦ ਦੀ ਇਲਾਹੀ ਬਾਣੀ ਦੇ ਗੁਣਗਾਣ ਨਾਲ ਸ਼ਾਮਿਲ ਲੱਖਾਂ ਦੀ ਗਿਣਤੀ ਸੰਗਤਾਂ ਨੂੰ ਨਿਹਾਲ ਕਰਦਾ ਆਰੰਭ ਹੋਇਆ | ਨਗਰ ਕੀਰਤਨ ਵਿਚ ਸ਼ਾਮਿਲ ਇਕ ਵਿਸ਼ੇਸ਼ ਵਾਹਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਫ਼ੁੱਲਾਂ ਨਾਲ ਸਜਾਈ ਹੋਈ ਸੀ, ਜਿਸ 'ਤੇ ਦੋਵਾਂ ਰਸਤਿਆਂ 'ਚ ਖੜੀ ਸਾਧ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਨਗਰ ਕੀਰਤਨ 'ਚ ਸ਼ਾਮਿਲ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਪੰਜਾਬ 'ਤੇ ਕਿ੍ਪਾ ਬਣਾ ਕੇ ਰੱਖਣ ਅਤੇ ਗੁਰੂ ਸਾਹਿਬ ਦੀ ਬਾਣੀ ਸੁਣ ਕੇ ਅਸੀਂ ਆਪਣਾ ਜੀਵਨ ਸਫ਼ਲ ਬਣਾਈਏ | ਬਾਬਾ ਫ਼ਰੀਦ ਜੀ ਦੀ ਉਚਾਰੀ ਬਾਣੀ ਦਾ ਜਾਪ ਕਰਦਿਆਂ ਜਦ ਇਹ ਨਗਰ ਕੀਰਤਨ ਡਿਪਟੀ ਕਮਿਸ਼ਨਰ ਨਿਵਾਸ ਦੇ ਨਜ਼ਦੀਕ ਪਹੁੰਚਿਆ ਤਾਂ ਇਥੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਭੇਟ ਕੀਤਾ ਅਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਨਗਰ ਕੀਰਤਨ ਪੁਲਿਸ ਲਾਈਨ ਫ਼ਰੀਦਕੋਟ ਨਜ਼ਦੀਕ ਪਹੁੰਚਿਆ ਤਾਂ ਪੁਲਿਸ ਦੀ ਟੁੱਕੜੀ ਨੇ ਸਤਿਕਾਰ ਸਹਿਤ ਸਲਾਮੀ ਦਿੱਤੀ | ਡੀ.ਆਈ.ਜੀ. ਨਿਲਾਬਰੀ ਜਗਦਲੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਵਲੋਂ ਨਗਰ ਕੀਰਤਨ 'ਤੇ ਫ਼ੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਸ਼ਹਿਰ ਦੇ ਪ੍ਰਮੁੱਖ ਚੌਕਾਂ ਰਾਹੀਂ ਹੁੰਦਾ ਹੋਇਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਪੁੱਜਿਆ | ਇਥੇ ਪੁੱਜ ਕੇ ਵਿਸ਼ਾਲ ਧਾਰਮਿਕ ਦੀਵਾਨ ਦਾ ਰੂਪ ਧਾਰਨ ਕਰ ਲਿਆ | ਇਸ ਮੌਕੇ ਮਸ਼ਹੂਰ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਸੇਖੋਂ, ਜਨਰਲ ਸਕੱਤਰ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ, ਕੁਲਜੀਤ ਸਿੰਘ ਮੌਂਗੀਆ, ਐਸ.ਡੀ.ਐਮ. ਮੇਜਰ ਵਰੁਣ ਕੁਮਾਰ, ਐਸ.ਪੀ. ਸੰਦੀਪ ਕੁਮਾਰ, ਡੀ.ਐਸ.ਪੀ. ਤਰਲੋਚਨ ਸਿੰਘ ਤੇ ਡਾ. ਰਾਜੀਵ ਭੰਡਾਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚੋਂ 7 ਸਰੂਪ ਬਿਨਾਂ ਦੱਸੇ ਬਰਮਿੰਘਮ ਲਿਜਾਏ ਗਏ ਅਗਲੀ ਖ਼ਬਰ ਐਚ-1ਬੀ ਵੀਜ਼ਾ ਫ਼ੀਸਾਂ 'ਚ ਵਾਧਾ ਕਰ ਕੇ ਟਰੰਪ ਨੇ ਮਾਰਿਆ ਆਪਣੇ ਪੈਰਾਂ 'ਤੇ ਕੁਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।