ਨਵੀਂ ਦਿੱਲੀ, 16 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਆਰਥਿਕ ਅਪਰਾਧੀਆਂ, ਸਾਈਬਰ ਅਪਰਾਧੀਆਂ, ਅੱਤਵਾਦੀ ਸਰਗਰਮੀਆਂ 'ਚ ਸ਼ਾਮਿਲ ਲੋਕਾਂ ਅਤੇ ਹੋਰ ਸਾਰੇ ਭਗੌੜਿਆਂ ਦੇ ਪ੍ਰਤੀ ਸਖ਼ਤ ਦਿ੍ਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਦੇ ਸਾਹਮਣੇ ਲਿਆਂਦਾ ਜਾ ਸਕੇ | ਸੀ.ਬੀ.ਆਈ ਵਲੋਂ ਕਰਵਾਏ ਗਏ 'ਭਗੌੜਿਆਂ ਦੀ ਹਵਾਲਗੀ, ਚੁਣੌਤੀਆਂ ਅਤੇ ਰਣਨੀਤੀਆਂ' ਵਿਸ਼ੇ 'ਤੇ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਸਾਰਿਆਂ ਸੂਬਿਆਂ ਨੂੰ ਆਪਣੇ-ਆਪਣੇ ਸੂਬਿਆਂ 'ਚ ਘੱਟ ਤੋਂ ਘੱਟ ਇਕ ਅੰਤਰਰਾਸ਼ਟਰੀ ਮਿਆਰੀ ਸੈੱਲ ਸਥਾਪਿਤ ਕਰਨ ਦੀ ਅਪੀਲ ਕੀਤੀ ਤਾਂ ਕਿ ਵਿਦੇਸ਼ੀ ਅਦਾਲਤਾਂ 'ਚ ਭਗੌੜਿਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਜੇਲ੍ਹਾਂ ਦੇ ਖਰਾਬ ਮਿਆਰ ਦੀਆਂ ਦਲੀਲਾਂ ਦਾ ਮੁਕਾਬਲਾ ਕੀਤਾ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਭਿ੍ਸ਼ਟਾਚਾਰ,ਅਪਰਾਧ ਅਤੇ ਅੱਤਵਾਦ ਦੇ ਵਿਰੁੱਧ, ਸਗੋਂ ਭਾਰਤ ਦੇ ਬਾਹਰ ਤੋਂ ਸਰਗਰਮ ਅਪਰਾਧੀਆਂ ਦੇ ਵਿਰੁੱਧ ਵੀ ਜ਼ੀਰੋ ਸਹਿਣਸ਼ੀਲਤਾ ਵਾਲਾ ਦਿ੍ਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਸਾਰੇ ਭਗੌੜਿਆਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਅਤੇ ਇਸਦੇ ਲਈ ਇਕ ਨਿਸਚਿਤ ਤੰਤਰ ਸਥਾਪਿਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ |
ਹਰੇਕ ਸੂਬੇ 'ਚ ਭਗੌੜਿਆਂ ਲਈ ਵਿਸ਼ੇਸ਼ ਜੇਲ੍ਹਾਂ ਬਣਾਈਆਂ ਜਾਣ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਸੁਝਾਅ ਦਿੱਤਾ ਕਿ ਹਰੇਕ ਸੂਬੇ 'ਚ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਭਗੌੜਿਆਂ ਦੇ ਲਈ ਇਕ ਵਿਸ਼ੇਸ਼ ਜੇਲ੍ਹ ਬਣਾਈ ਜਾਵੇ ਅਤੇ ਇੰਟਰਪੋਲ ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਭਗੌੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣ ਤਾਂ ਕਿ ਹਵਾਲਗੀ ਦੇ ਦੌਰਾਨ ਉਨ੍ਹਾਂ ਨਾਲ ਦੁਰਵਿਵਹਾਰ ਦੇ ਦਾਅਵਿਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਸਰਹੱਦਾਂ ਦੇ ਪਾਰ ਉਨ੍ਹਾਂ ਦੀ ਮੁਕਤ ਆਵਾਜਾਈ ਨੂੰ ਰੋਕਿਆ ਜਾ ਸਕੇ | ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਸਮੇਤ ਕਈ ਭਗੌੜਿਆਂ ਨੇ ਵਿਦੇਸ਼ੀ ਅਦਾਲਤਾਂ 'ਚ ਆਪਣੀ ਹਵਾਲਗੀ ਦਾ ਵਿਰੋਧ ਕਰਨ ਲਈ ਭਾਰਤੀ ਜੇਲ੍ਹਾਂ ਦੀ 'ਖਰਾਬ ਸਥਿਤੀ' ਦਾ ਮੁੁੱਦਾ ਉਠਾਇਆ ਹੈ |
ਸਾਰੇ ਭਗੌੜਿਆਂ ਨੂੰ ਭਾਰਤੀ ਕਾਨੂੰਨਾਂ ਦੇ ਸਾਹਮਣੇ ਲਿਆਉਣ ਲਈ ਇਕ ਨਿਸਚਿਤ ਤੰਤਰ ਦੀ ਲੋੜ-ਅਮਿਤ ਸ਼ਾਹ <br/>
ਅਜੀਤ ਡੈਸਕ
17-10-2025