ਅੰਮਿ੍ਤਸਰ, 16 ਅਕਤੂਬਰ (ਗਗਨਦੀਪ ਸ਼ਰਮਾ)-ਪੰਜਾਬ ਦੇ ਸਮੁੱਚੇ ਏਡਿਡ ਸਕੂਲ ਕਰਮਚਾਰੀ ਪਿਛਲੇ ਸੱਤ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਇਸ ਸਾਲ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ, ਜੋ ਕਿ 18 ਅਕਤੂਬਰ ਨੂੰ ਤਰਨ ਤਾਰਨ ਵਿਖੇ ਸੂਬਾ ਸਰਕਾਰ ਦੇ ਵਿਰੁੱਧ ਰੋਸ ਰੈਲੀ ਕਰਨਗੇ | ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਵਿਖੇ ਏਡਿਡ ਸਕੂਲ ਯੂਨੀਅਨ ਦੀ ਮੀਟਿੰਗ 'ਚ ਪੁੱਜੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਇਤਿਹਾਸ 'ਚ ਇਹ ਪਹਿਲੀ ਸਰਕਾਰ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਦਿਵਾਲੀ ਹੋਣ ਦੇ ਬਾਵਜੂਦ ਵੀ ਸੱਤ ਮਹੀਨਿਆਂ ਤੋਂ ਏਡਿਡ ਸਕੂਲਾਂ ਨੂੰ ਗ੍ਰਾਂਟ ਜਾਰੀ ਨਹੀਂ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ, ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਫਿਰਾਕ ਵਿਚ ਹੈ | ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਏਡਿਡ ਸਕੂਲ ਕਰਮਚਾਰੀ 18 ਨੂੰ ਰੋਸ ਰੈਲੀ ਕਰਕੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕਰਨਗੇ | ਡੀ. ਏ. ਵੀ. ਸੀਨੀ. ਸੈਕੰ. ਸਕੂਲ ਦੇ ਪਿ੍ੰਸੀਪਲ ਵਿਕਾਸ ਪ੍ਰਾਸ਼ਰ ਨੇ ਦੱਸਿਆ ਕਿ ਯੂਨੀਅਨ ਨੇ ਮੰਤਰੀਆਂ ਤੇ ਅਫ਼ਸਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵੀ ਇਸ ਮਸਲੇ ਬਾਰੇ ਜਾਣੂੰ ਕਰਵਾਇਆ ਗਿਆ ਪਰ ਕਿਸੇ ਨੇ ਇਸ ਦੇ ਨਿਪਟਾਰੇ ਪ੍ਰਤੀ ਗੰਭੀਰਤਾ ਨਹੀਂ ਦਿਖਾਈ | ਜ਼ਿਲ੍ਹਾ ਸਕੱਤਰ ਅਜੇ ਚੌਹਾਨ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣ-ਬੁੱਝ ਕੇ ਮੈਨੇਜੰਗ ਕਮੇਟੀਆਂ ਦੇ ਖਾਤਿਆਂ ਦੀ ਚੈਕਿੰਗ ਦੀ ਆੜ ਵਿਚ ਕਰਮਚਾਰੀਆਂ ਦੀ ਗ੍ਰਾਂਟ ਜਾਰੀ ਨਹੀਂ ਕਰ ਰਹੀ | ਇਸ ਮੌਕੇ ਰਾਜ ਕੁਮਾਰ ਮਿਸ਼ਰਾ, ਜਗਜੀਤ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੇਦੀ ਆਦਿ ਵੀ ਮੌਜੂਦ ਸਨ |
ਪੰਜਾਬ ਦੇ ਏਡਿਡ ਸਕੂਲ ਕਰਮਚਾਰੀ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ <br/>
ਅਜੀਤ ਡੈਸਕ
17-10-2025