ਨਵੀਂ ਦਿੱਲੀ, 16 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਫਗਾਨਿਸਤਾਨ-ਪਾਕਿਸਤਾਨ ਟਕਰਾਅ ਵਿਚਾਲੇ ਟਕਰਾਅ ਨਾਲ ਪੈਦਾ ਹੋਈ ਸਥਿਤੀ 'ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਦੀ ਪ੍ਰਭੂਸਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਨੇ ਕਿਹਾ ਕਿ ਤਿੰਨ ਗੱਲਾਂ ਸਪੱਸ਼ਟ ਹਨ, ਪਹਿਲੀ, ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਪਨਾਹ ਦਿੰਦਾ ਹੈ ਅਤੇ ਅੱਤਵਾਦੀ ਸਰਗਰਮੀਆਂ ਦੀ ਪੁਸ਼ਤ ਪਨਾਹੀ ਕਰਦਾ ਹੈ ਅਤੇ ਦੂਸਰੀ ਆਪਣੀਆਂ ਅੰਤਰ ਅਸਫਲਤਾਵਾਂ ਲਈ ਆਪਣੇ ਗੁਆਂਢੀਆਂ ਨੂੰ ਦੋਸ਼ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ | ਉਨ੍ਹਾਂ ਨੇ ਕਿਹਾ ਕਿ ਤੀਸਰੀ ਇਹ ਕਿ ਪਾਕਿਸਤਾਨ ਇਸ ਗੱਲ ਤੋਂ ਨਰਾਜ਼ ਹੈ ਕਿ ਅਫਗਾਨਿਸਤਾਨ ਆਪਣੇ ਖੇਤਰਾਂ 'ਚ ਪ੍ਰਭੂਸਤਾ ਦਾ ਪ੍ਰਯੋਗ ਕਰ ਰਿਹਾ ਹੈੈ | ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਾਬੁਲ 'ਚ ਭਾਰਤ ਦਾ 'ਤਕਨੀਕੀ ਮਿਸ਼ਨ' ਅਗਲੇ ਕੁਝ ਦਿਨਾਂ ਤੱਕ ਇਕ ਦੂਤਘਰ 'ਚ ਤਬਦੀਲ ਹੋ ਜਾਵੇਗਾ |