ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)ਸ਼੍ਰੋਮਣੀ ਅਕਾਲੀ ਦਲ (ਬ) ਨੇ ਮੰਗ ਕੀਤੀ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਭਿ੍ਸ਼ਟਾਚਾਰ ਮਾਮਲੇ ਦੀ ਪੂਰੀ ਜਾਂਚ ਹੋਵੇ | ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਨਾਜਾਇਜ਼ ਪੈਸਾ ਕਿਸ ਦੇ ਹੁਕਮ 'ਤੇ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਆਿਖ਼ਰਕਾਰ ਇਹ ਪੈਸਾ ਕਿਥੇ ਜਾ ਰਿਹਾ ਸੀ | ਉਨ੍ਹਾਂ ਦੋਸ਼ ਲਗਾਏ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਨੇ ਇਸ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਕੁਝ ਛੁਪਾਇਆ ਜਾ ਰਿਹਾ ਹੈ | ਰੋਮਾਣਾ ਨੇ ਸਵਾਲ ਕੀਤਾ ਕਿ ਕੀ ਇਹ ਪੈਸਾ ਹੋਰ ਸੂਬਿਆਂ ਦੀਆਂ ਚੋਣਾਂ ਲਈ ਵਰਤਿਆ ਜਾ ਰਿਹਾ ਹੈ ਜਾਂ ਸਿੱਧਾ ਅਰਵਿੰਦ ਕੇਜਰੀਵਾਲ ਕੋਲ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਜਾਂਚ 'ਚ ਇਸ ਪੱਖ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ 'ਕੱਟੜ ਇਮਾਨਦਾਰ ਪਾਰਟੀ' ਦੇ ਅਸਲੀ ਚਿਹਰੇ ਦਾ ਪਰਦਾਫ਼ਾਸ਼ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਡੀ.ਆਈ.ਜੀ. ਭੁੱਲਰ 'ਤੇ ਸੀ.ਬੀ.ਆਈ. ਵਲੋਂ ਕੀਤੀ ਗਈ ਛਾਪੇਮਾਰੀ ਅਤੇ ਗਿ੍ਫ਼ਤਾਰੀ ਨੇ 'ਆਪ' ਸਰਕਾਰ ਦੇ ਅਸਲੀ ਰੂਪ ਨੂੰ ਸਾਹਮਣੇ ਲਿਆਂਦਾ ਹੈ, ਜਿਥੋਂ ਸਪੱਸ਼ਟ ਹੈ ਕਿ 'ਆਪ' ਸਰਕਾਰ ਜੋ ਦਾਅਵਾ ਕਰਦੀ ਸੀ ਕਿ ਭਿ੍ਸ਼ਟਾਚਾਰ ਪ੍ਰਤੀ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਹੈ, ਅਸਲ 'ਚ ਉਹ ਹੀ ਭਿ੍ਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਸਹੂਲਤ ਮੁਹੱਈਆ ਕਰ ਰਹੀ ਹੈ | ਅਕਾਲੀ ਆਗੂ ਰੋਮਾਣਾ ਨੇ ਸਵਾਲ ਕੀਤਾ ਕਿ ਵਿਜੀਲੈਂਸ ਅਤੇ ਖੁਫੀਆ ਵਿੰਗ ਡੀ.ਆਈ.ਜੀ. ਭੁੱਲਰ ਦੇ ਭਿ੍ਸ਼ਟਾਚਾਰ ਦੀ ਪਛਾਣ ਕਰਨ 'ਚ ਕਿਉਂ ਨਾਕਾਮ ਰਹੇ ਅਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸਿਵਲ ਅਤੇ ਪੁਲਿਸ ਤੰਤਰ 'ਚ ਆਪਣੇ ਚਹੇਤੇ ਲੋਕ ਭਰਤੀ ਕੀਤੇ ਹਨ, ਜੋ ਭਿ੍ਸ਼ਟਾਚਾਰ ਪੈਸਾ ਇਕੱਠਾ ਕਰਨ ਲਈ ਰੱਖੇ ਗਏ ਹਨ | ਵਿਜੀਲੈਂਸ ਵਿਭਾਗ ਸਿਰਫ਼ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹਾ ਹੈ | ਇਸੇ ਲਈ ਸੀ.ਬੀ.ਆਈ. ਨੂੰ ਦਖ਼ਲ ਦੇਣਾ ਪਿਆ | ਰੋਮਾਣਾ ਨੇ ਮੁੱਖ ਮੰਤਰੀ ਦੀ ਚੁੱਪੀ 'ਤੇ ਸਵਾਲ ਉਠਾਇਆ ਅਤੇ ਦੋਸ਼ ਲਗਾਇਆ ਕਿ ਮਾਨ ਸਰਕਾਰ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਆਪਣੀ ਸਰਕਾਰ ਵਿਚ ਹੋ ਰਹੇ ਭਿ੍ਸ਼ਟਾਚਾਰ 'ਤੇ ਇਕ ਸ਼ਬਦ ਵੀ ਨਹੀਂ ਬੋਲ ਰਹੀ | ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਮੌਜੂਦ ਸਨ, ਜਿਨ੍ਹਾਂ ਨੇ ਭਿ੍ਸ਼ਟਾਚਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ |