ਡੇਰਾ ਬਾਬਾ ਨਾਨਕ (ਬਟਾਲਾ), 22 ਅਕਤੂਬਰ (ਹੀਰਾ ਸਿੰਘ ਮਾਂਗਟ)-ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾਬਾਦ ਵਿਖੇ ਆਤਿਸ਼ਬਾਜ਼ੀ ਲਈ ਗੰਧਕ ਤੇ ਪੋਟਾਸ਼ ਨੂੰ ਕੁੱਟਦਿਆਂ ਭਿਆਨਕ ਹਾਦਸਾ ਹੋਣ ਕਾਰਨ 2 ਔਰਤਾਂ ਸਮੇਤ 7 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ | ਜ਼ਖ਼ਮੀਆਂ ਵਿਚ 2 ਸਕੇ ਭਰਾ, ਇਕ ਧੀ ਤੇ 2 ਜਵਾਈ ਵੀ ਦੱਸੇ ਜਾ ਰਹੇ ਹਨ | ਗੰਭੀਰ ਜ਼ਖ਼ਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਅੰਮਿ੍ਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਇਸ ਸੰਬੰਧੀ ਸਾਬਕਾ ਸਰਪੰਚ ਤੇਜਿੰਦਰਪਾਲ ਸਿੰਘ, ਗੁਰਿੰਦਰ ਸਿੰਘ, ਸਰਵਣ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਗੁਰਨਾਮ ਸਿੰਘ ਦੇ ਘਰ ਉਨ੍ਹਾਂ ਦੇ ਰਿਸ਼ਤੇਦਾਰ, ਉਨ੍ਹਾਂ ਦੇ 2 ਜਵਾਈ ਤੇ ਧੀਆਂ ਮਿਲਣ ਵਾਸਤੇ ਆਏ ਹੋਏ ਸਨ | ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਗਲੀ ਵਿਚ ਬੈਠ ਕੇ ਜਦ ਆਤਿਸ਼ਬਾਜ਼ੀ ਚਲਾ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦੇ ਬੱਚਿਆਂ ਵਲੋਂ ਕਿਸੇ ਦੁਕਾਨ ਤੋਂ ਲਿਆਂਦੀ ਗੰਧਕ ਤੇ ਪਟਾਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਧਮਾਕਾ ਹੋਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਅੰਮਿ੍ਤਪਾਲ ਸਿੰਘ ਪੁੱਤਰ ਗੁਰਨਾਮ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਮਨਜੀਤ ਕੌਰ ਪਤਨੀ ਗੁਰਨਾਮ ਸਿੰਘ, ਅਮਨਦੀਪ ਕੌਰ ਪੁੱਤਰੀ ਗੁਰਨਾਮ ਸਿੰਘ ਤੇ ਉਨ੍ਹਾਂ ਦੇ ਜਵਾਈ ਅੰਮਿ੍ਤਵੀਰ ਸਿੰਘ ਪਿੰਡ ਝੰਗੀ ਤੇ ਹਰਜਿੰਦਰ ਸਿੰਘ ਪਿੰਡ ਮੂਲਾ ਸੁਨੱਈਆ ਗੰਭੀਰ ਰੂਪ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਵਲੋਂ ਚੀਕ ਚਿਹਾੜਾ ਪਾਉਣ 'ਤੇ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਨਾਂ ਵਲੋਂ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਅੰਮਿ੍ਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਮਨਪ੍ਰੀਤ ਸਿੰਘ (19) ਪੁੱਤਰ ਸਤਨਾਮ ਸਿੰਘ ਦੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਧਮਾਕਾ ਏਨਾ ਜ਼ਬਰਦਸਤ ਸੀ ਕਿ ਇਸ ਦੌਰਾਨ ਇਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਤੇ ਮਾਸ ਦੇ ਟੁੱਕੜੇ ਦੂਰ-ਦੂਰ ਤੱਕ ਖਿੱਲਰੇ ਵੀ ਮਿਲੇ ਅਤੇ ਇਸ ਧਮਾਕੇ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ | ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਗਰੀਬੀ ਹਾਲਤ ਨੂੰ ਵੇਖਦਿਆਂ ਇਨ੍ਹਾਂ ਦੇ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਦਾ ਸਮੇਂ ਸਿਰ ਇਲਾਜ ਹੋ ਸਕੇ ਤੇ ਇਨ੍ਹਾਂ ਦੀਆਂ ਜਾਨਾਂ ਬਚ ਸਕਣ | ਡੇਰੇ ਬਾਬਾ ਨਾਨਕ ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਂਸਿਕ ਟੀਮਾਂ ਵੀ ਮੰਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਲੋਂ ਇਸ ਵੱਡੇ ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਵੱਡੀ ਮਾਤਰਾ ਵਿਚ ਬੱਚਿਆਂ ਨੂੰ ਗੰਧਕ ਤੇ ਪੋਟਾਸ਼ ਵੇਚਣ ਵਾਲੇ ਲੋਕਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |