ਬਟਾਲਾ, 22 ਅਕਤੂਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਬੰਦੀ ਛੋੜ ਦਿਵਸ ਦੀਪਮਾਲਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ | ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਆਈ.ਏ.ਐਸ. ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਸਮੇਂ ਦੁਨੀਆਂ ਭਰ ਤੋਂ ਪੁੱਜੇ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਵਿਖੇ ਦੀਵੇ ਬਾਲ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਤੇ ਪਿਆਰ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਤਖ਼ਤ ਸੱਚਖੰਡ ਸਾਹਿਬ ਵਿਖੇ ਪੁਰਾਤਨ ਚਲੀ ਆ ਰਹੀ ਮਰਿਯਾਦਾ ਅਨੁਸਾਰ 22 ਅਕਤੂਬਰ ਨੂੰ ਦੀਪਮਾਲਾ ਮਹੱਲੇ ਦੇ ਸਨਮਾਨ ਵਿਚ ਤੋਪ ਦੇ ਫਾਇਰ ਕੀਤੇ ਗਏ | ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਤੇ ਸਮੂਹ ਪੰਜ ਪਿਆਰੇ ਸਾਹਿਬਾਨ ਦੀ ਰਹਿਨੁਮਾਈ ਹੇਠ ਤਖ਼ਤ ਸਾਹਿਬ ਤੋਂ ਬਾਅਦ ਦੁਪਹਿਰ 4 ਵਜੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਦੀਪਮਾਲਾ ਮਹੱਲਾ ਪੂਰੀ ਸੱਜ-ਧੱਜ ਤੇ ਸ਼ਾਨੋ-ਸ਼ੌਕਤ ਨਾਲ ਕੱਢਿਆ ਗਿਆ | ਉਨ੍ਹਾਂ ਦੱਸਿਆ ਕਿ 'ਖ਼ਾਲਸਾ ਹੱਲਾ ਬੋਲ ਚੌਕ' ਵਿਚ 'ਹੱਲੇ' ਦੀ ਅਰਦਾਸ ਹੋਈ | ਇਸ ਤੋਂ ਬਾਅਦ ਦੀਪਮਾਲਾ ਮਹੱਲਾ ਗੁਰਦੁਆਰਾ ਬਾਉਲੀ ਦਮਦਮਾ ਸਾਹਿਬ, ਬਾਫਨਾ ਚੌਕ, ਸ਼ਹੀਦ ਭਗਤ ਸਿੰਘ ਰੋਡ, ਅਬਿਚਲਨਗਰ ਅਤੇ ਮੋਂਢਾ ਤੋਂ ਹੁੰਦਾ ਹੋਇਆ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜਿਆ | ਇਥੇ ਥੋੜ੍ਹੇ ਵਿਸ਼ਰਾਮ ਉਪਰੰਤ ਦੇਰ ਰਾਤ ਤਖ਼ਤ ਸਾਹਿਬ ਵਿਖੇ ਵਾਪਸ ਪਹੁੰਚਿਆ |