ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵੇਰਕਾ ਮਿਲਕ ਪਲਾਂਟ 'ਚ ਦੇਰ ਰਾਤ ਬੁਆਇਲਰ ਫਟਣ ਨਾਲ ਇਕ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ ਹਨ | ਮਿ੍ਤਕ ਅਧਿਕਾਰੀ ਦੀ ਸ਼ਨਾਖਤ ਕੁਨਾਲ ਜੈਨ (42) ਵਾਸੀ ਹੈਬੋਵਾਲ ਵਜੋਂ ਹੋਈ ਹੈ | ਕੁਨਾਲ ਜੈਨ ਬੁਆਇਲਰ ਇੰਚਾਰਜ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਵੇਰਕਾ ਮਿਲਕ ਪਲਾਂਟ ਵਿਚ ਕੰਮ ਕਰ ਰਿਹਾ ਸੀ | ਉਸ ਦੀ ਪਤਨੀ ਵੀ ਇਥੇ ਹੀ ਕੰਮ ਕਰਦੀ ਹੈ | ਦੇਰ ਰਾਤ ਉਹ ਬੁਆਇਲਰ ਦੀ ਜਾਂਚ ਕਰਨ ਆਇਆ ਸੀ, ਜਦੋਂ ਉਹ ਜਾਂਚ ਕਰ ਰਿਹਾ ਸੀ ਤਾਂ ਅਚਾਨਕ ਬੁਆਇਲਰ ਫਟ ਗਿਆ, ਜਿਸ ਦੇ ਸਿੱਟੇ ਵਜੋਂ ਉਥੇ ਮੌਜੂਦ ਮੁਲਾਜ਼ਮ ਕੁਲਵੰਤ ਸਿੰਘ, ਅਜੀਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ, ਗੁਰਤੇਜ ਅਤੇ ਕੁਨਾਲ ਜ਼ਖ਼ਮੀ ਹੋ ਗਏ | ਗੰਭੀਰ ਹਾਲਤ ਵਿਚ ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਕੁਨਾਲ ਨੂੰ ਮਿ੍ਤਕ ਕਰਾਰ ਦੇ ਦਿੱਤਾ | ਕੁਨਾਲ ਦੇ ਦੋਸਤ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਸੀ ਕਿ ਉਸ ਨੂੰ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਫ਼ੋਨ ਆਇਆ ਅਤੇ ਤੁਰੰਤ ਪਲਾਂਟ ਵਿਚ ਪਹੁੰਚਣ ਦੇ ਹੁਕਮ ਦਿੱਤੇ ਗਏ, ਜਿਸ ਕਾਰਨ ਉਹ ਉਥੇ ਚਲਾ ਗਿਆ | ਉਨ੍ਹਾਂ ਦੱਸਿਆ ਕਿ ਛੁੱਟੀ ਹੋਣ ਦੇ ਬਾਵਜੂਦ ਉਸ ਨੂੰ ਬੁਲਾਇਆ ਗਿਆ ਸੀ ਅਤੇ ਇਹ ਹਾਦਸਾ ਹੋ ਗਿਆ | ਉਨ੍ਹਾਂ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ | ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਨਾਲ ਨੂੰ ਜ਼ਬਰਦਸਤੀ ਨਹੀਂ ਬੁਲਾਇਆ ਗਿਆ ਸੀ ਅਤੇ ਉਹ ਬੁਆਇਲਰ ਜਾਂਚ ਕਰਨ ਲਈ ਆਇਆ ਸੀ ਕਿ ਹਾਦਸਾ ਵਾਪਰ ਗਿਆ | ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ | ਘਟਨਾ ਕਾਰਨ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ |
ਵੇਰਕਾ ਮਿਲਕ ਪਲਾਂਟ 'ਚ ਬੁਆਇਲਰ ਫਟਣ ਨਾਲ ਅਧਿਕਾਰੀ ਦੀ ਮੌਤ-5 ਜ਼ਖ਼ਮੀ
ਅਜੀਤ ਡੈਸਕ
24-10-2025