ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰਾਜ ਸਭਾ ਚੋਣ ਲਈ ਨਾਮਜ਼ਦਗੀ ਦੌਰਾਨ ਜਾਅਲੀ ਦਸਖ਼ਤਾਂ ਦੇ ਮਾਮਲੇ 'ਚ ਗਿ੍ਫ਼ਤਾਰ ਨਵਨੀਤ ਚਤੁਰਵੇਦੀ ਨੂੰ ਅੱਜ ਰੂਪਨਗਰ ਦੀ ਸੀ.ਜੇ.ਐਮ. ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਨੇ ਸੁਣਵਾਈ ਤੋਂ ਬਾਅਦ ਉਸ ਨੂੰ 6 ਨਵੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ | ਪੁਲਿਸ ਵਲੋਂ ਇਸ ਵਾਰ ਨਵਨੀਤ ਚਤੁਰਵੇਦੀ ਦਾ ਪੁਲਿਸ ਰਿਮਾਂਡ ਨਹੀਂ ਮੰਗਿਆ ਗਿਆ | ਅਦਾਲਤ ਨੇ ਕਾਰਵਾਈ ਦੌਰਾਨ ਉਸ ਦੇ ਦਸਖ਼ਤਾਂ ਦੇ ਨਮੂਨੇ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਣ ਦੀ ਇਜਾਜ਼ਤ ਦਿੱਤੀ | ਇਸ ਤੋਂ ਇਲਾਵਾ ਪੁਲਿਸ ਵਲੋਂ ਚਤੁਰਵੇਦੀ ਦਾ ਮੋਬਾਈਲ ਸਿਮ ਕਾਰਡ ਡੁਪਲੀਕੇਟ ਕਢਵਾਉਣ ਲਈ ਅਰਜ਼ੀ ਦਾਇਰ ਕੀਤੀ ਗਈ, ਜਿਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ | ਚਤੁਰਵੇਦੀ ਦੇ ਵਕੀਲ ਹੇਮੰਤ ਚੌਧਰੀ ਨੇ ਅਦਾਲਤ ਵਿਚ ਉਸ ਦੀ ਜਾਨ ਨੂੰ ਖ਼ਤਰਾ ਹੋਣ ਦਾ ਹਵਾਲਾ ਦਿੰਦਿਆਂ ਜੇਲ੍ਹ 'ਚ ਵਾਧੂ ਸੁਰੱਖਿਆ ਪ੍ਰਬੰਧ ਕਰਨ ਦੀ ਅਰਜ਼ੀ ਦਿੱਤੀ, ਜਿਸ 'ਤੇ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਕੀਤੀ | ਇਸ ਦੌਰਾਨ ਅਦਾਲਤ ਵਲੋਂ ਚੰਡੀਗੜ੍ਹ ਪੁਲਿਸ ਦੇ ਐਸ.ਐਚ.ਓ. ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ ਅੱਜ ਸਬ-ਇੰਸਪੈਕਟਰ ਪਰਮਿੰਦਰ ਸਿੰਘ ਹੀ ਪੇਸ਼ ਹੋਏ | ਅਦਾਲਤ ਨੇ ਹੁਕਮ ਦਿੱਤਾ ਕਿ ਐਸ.ਐਚ.ਓ. ਖ਼ੁਦ ਕੱਲ੍ਹ ਅਦਾਲਤ ਪੇਸ਼ ਹੋਵੇ | ਯਾਦ ਰਹੇ ਕਿ ਨਵਨੀਤ ਚਤੁਰਵੇਦੀ 'ਤੇ ਰਾਜ ਸਭਾ ਚੋਣ ਦੀ ਨਾਮਜ਼ਦਗੀ ਦੌਰਾਨ ਵਿਧਾਇਕਾਂ ਦੇ ਜਾਅਲੀ ਦਸਖ਼ਤਾਂ ਅਤੇ ਦਸਤਾਵੇਜ਼ਾਂ ਦੀ ਵਰਤੋਂ ਦੇ ਗੰਭੀਰ ਦੋਸ਼ ਲੱਗੇ ਹਨ | ਰੂਪਨਗਰ ਹਲਕੇ ਦੇ 'ਆਪ' ਵਿਧਾਇਕ ਦਿਨੇਸ਼ ਚੱਡਾ ਦੇ ਵੀ ਦਸਤਖ਼ਤ ਕੀਤੇ ਗਏ ਸਨ | ਵਿਧਾਇਕ ਦਿਨੇਸ਼ ਚੱਢਾ ਨੇ ਰੂਪਨਗਰ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ ਦੇ ਆਧਾਰ 'ਤੇ ਨਵੀਨ ਚਤੁਰਵੇਦੀ ਤੇ ਰੂਪਨਗਰ ਸਿਟੀ ਥਾਣੇ 'ਚ ਮਾਮਲਾ ਦਰਜ ਹੋਇਆ ਸੀ |
ਰਾਜ ਸਭਾ ਨਾਮਜ਼ਦਗੀ ਧੋਖਾਧੜੀ ਮਾਮਲਾ ਨਵਨੀਤ ਚਤੁਰਵੇਦੀ ਨੂੰ 6 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ <br/>
ਅਜੀਤ ਡੈਸਕ
24-10-2025